
ਪੰਜਾਬ ਅਤੇ ਪੰਜਾਬ ਦੇ ਬਾਹਰ ਤੋਂ ਆਏ ਸੈਂਕੜੇ ਪੰਜਾਬੀ ਗੱਭਰੂਆਂ ਨੂੰ ਪਛਾੜਦੇ ਹੋਏ ਪਟਿਆਲਾ ਦੇ ਗੱਭਰੂ ਹਰਪਵਿੱਤ ਸਿੰਘ ਨੇ 2017 ਦਾ "ਮਿਸਟਰ ਪੰਜਾਬ 2017" ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਮੋਹਾਲੀ ਦੇ ਦੁਸਹਿਰਾ ਗਰਾਉਂਡ ਵਿਚ ਮਿਸਟਰ ਪੰਜਾਬ ਦਾ ਨਾਮ ਐਲਾਨਦੇ ਹੋਏ ਇਕ ਲੱਖ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ। ਇਸ ਦੇ ਨਾਲ ਹੀ ਅਰਸ਼ਬੀਰ ਸਿੰਘ ਨੇ ਪਹਿਲੇ ਉਪ ਜੇਤੂ ਦਾ ਖਿਤਾਬ ਜਿੱਤਿਆ, ਮੋਹਾਲੀ ਤੋਂ ਤਰਲੋਕ ਸਿੰਘ ਅਤੇ ਮੁੰਬਈ ਦੇ ਰਵਨੀਤ ਸਿੰਘ ਨੂੰ ਦੂਜੇ ਰਨਰ-ਅਪ ਟਾਈਟਲ ਨਾਲ ਨਿਵਾਜਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਪਿੱਛੇ ਛੱਡ ਕੇ ਟਾਪ 10 ਫਾਈਨਲਿਸਟ ਬਣੇ ਨੌਜਵਾਨਾਂ ਵਿਚ ਇੱਕ ਸਖ਼ਤ ਮੁਕਾਬਲਾ ਸੀ ਅਤੇ ਸਾਰੇ ਪ੍ਰਤੀਭਾਗੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਆਪਣੀ ਜੀ ਜਾਨ ਲਾ ਦਿੱਤੀ। ਜਿਸਤੋਂ ਬਾਅਦ ਚੌਥੇ ਰਾਊਂਡ ਤੋਂ ਬਾਅਦ ਗੁਰਪ੍ਰੀਤ ਸਿੰਘ ਮਾਨ, ਜਸਪ੍ਰੀਤ ਸਿੰਘ ਚੱਪਾ, ਜਸਪ੍ਰੀਤ ਸਿੰਘ ਅਤੇ ਮਹਾਂਕਦੀਪ ਸਿੰਘ ਸਮੇਤ 10 ਵਿਚੋਂ ਚਾਰ ਉਮੀਦਵਾਰਾਂ ਨੂੰ ਬਾਹਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਿਸਟਰ ਪੰਜਾਬ ਦੇ ਸਮਾਗਮ ਦੌਰਾਨ ਪੰਜਾਬ ਦੇ ਸਭ ਤੋਂ ਪ੍ਰਸਿੱਧ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਇਸ ਮੌਕੇ 'ਤੇ ਸਭ ਦਾ ਮਨੋਰੰਜਨ ਕੀਤਾ ਅਤੇ ਇਸ ਸਮਾਗਮ ਨੂੰ ਚਾਰ ਚੰਨ ਲੈ ਦਿਤੇ।
ਇਸ ਖਾਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸਿਤਾਰਿਆਂ ਦੀ ਲਾਈਨ ਵਿਚ ਜੈਜ਼ੀ ਬੀ, ਸੁਨੰਦਾ ਸ਼ਰਮਾ, ਕੁਲਵਿੰਦਰ ਬਿੱਲਾ, ਨਿਸ਼ਾ ਖਾਨ, ਕਾਦਿਰ ਥਿੰਦ, ਰੋਸ਼ਨ ਪ੍ਰਿੰਸ ਅਤੇ ਗੁਰਮਾਹਿਕ ਸਿੰਘ ਸਿੱਧੂ ਸ਼ਾਮਲ ਹਨ। ਇਸ ਸਭ ਦੇ ਨਾਲ ਹੀ ਸਾਡੇ ਵੱਲੋਂ ਵੀ ਮਿਸਟਰ ਪੰਜਾਬ ਦੇ ਜੇਤੂਆਂ ਨੂੰ ਢੇਰ ਸਾਰੀਆਂ ਮੁਬਾਰਕਬਾਦ ਦਿੰਦੇ ਹੋਏ ਕਾਮਨਾ ਕਰਦੇ ਹਾਂ ਕਿ ਪੰਜਾਬ ਦੇ ਨੌਜਵਾਨ ਇਸੇ ਤਰ੍ਹਾਂ ਬੁਲੰਦੀਆਂ ਨੂੰ ਛੂੰਹਦੇ ਹੋਏ ਪੰਜਾਬ ਦਾ ਅਤੇ ਪੰਜਾਬੀਅਤ ਦਾ ਨਾਮ ਰੋਸ਼ਨ ਕਰਨ,ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਬੁਰੇ ਕੰਮ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ।