ਪਟਿਆਲਾ (ਹਰਵਿੰਦਰ ਸਿੰਘ ਕੁੱਕੂ) : ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਖੇਤਰੀ ਸਰਸ ਮੇਲਾ-2018 ਜੋ 21 ਫਰਵਰੀ ਤੋਂ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ, ਜਿਸ ਵਿਚ ਕਰੀਬ 20 ਰਾਜਾਂ ਦੇ ਸ਼ਿਲਪਕਾਰਾਂ ਵੱਲੋਂ 200 ਦੇ ਕਰੀਬ ਸਟਾਲਾਂ ਲਗਾਈਆਂ ਹੋਈਆਂ ਸਨ। ਇਸ ਮੇਲੇ ਵਿਚ ਪਿਛਲੇ ਦਸ ਦਿਨਾਂ ਦੌਰਾਨ ਰਿਕਾਰਡ ਤੋੜ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਸਰਸ ਮੇਲੇ ਨੇ ਇਸ ਵਾਰ ਕਈ ਨਵੇਂ ਮੀਲ ਪੱਥਰ ਸਥਾਪਤ ਕੀਤੇ ਅਤੇ ਇਸ ਨੇ ਸੂਬੇ ਵਿਚ ਲੱਗੇ ਸਾਰੇ ਸਰਸ ਮੇਲਿਆਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ 12 ਦਿਨਾਂ ਅੰਦਰ 5 ਲੱਖ ਤੋਂ ਵੱਧ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਬਠਿੰਡਾ ਵਿਚ ਵੀ ਸਰਸ ਮੇਲੇ ਲੱਗ ਚੁੱਕੇ ਹਨ ਉਨ੍ਹਾਂ ਵਿਚ 12 ਦਿਨਾਂ ਅੰਦਰ ਕ੍ਰਮਵਾਰ ਵਿਕਰੀ 4.13 ਕਰੋੜ 2.50 ਕਰੋੜ ਹੋਈ ਪਰ ਪਟਿਆਲਾ ਵਿਖੇ ਲੱਗੇ ਸਰਸ ਮੇਲੇ ਵਿਚ 12 ਦਿਨਾਂ ਅੰਦਰ ਹੀ ਵੱਖ-ਵੱਖ ਸੂਬਿਆਂ ਦੇ ਲੱਗੇ ਸਟਾਲਾਂ 'ਤੇ ਵਿਕਰੀ 4.18 ਕਰੋੜ ਦੀ ਹੋ ਗਈ ਅਤੇ ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਫੂਡ ਸਟਾਲਾਂ ਅਤੇ ਝੂਲਿਆਂ ਦੀ ਨਿਲਾਮੀ ਤੋਂ ਤਕਰੀਬਨ 2 ਲੱਖ ਰੁਪਏ ਦੀ ਆਮਦਨ ਹੋਈ ਹੈ ਅਤੇ ਲਗਭਗ 20 ਲੱਖ ਰੁਪਏ ਟਿਕਟਾਂ ਤੋਂ ਪ੍ਰਾਪਤ ਰਾਜਪੁਰਾ ਚਿਲਡਰਨ ਹੋਮ ਨੂੰ ਦਿੱਤੇ ਜਾਣਗੇ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਸਟਾਰ ਨਾਈਟ ਦਾ ਸਿੱਧਾ ਪ੍ਰਸਾਰਣ ਕੇਬਲ ਟੀ.ਵੀ ਅਤੇ ਆਲ ਇੰਡੀਆ ਰੇਡੀਓ ਉਪਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਸ਼ਾਮ ਕਲਾਕਾਰਾਂ ਦੁਆਰਾ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਗਿਆ, ਜਿਨ੍ਹਾਂ ਵਿਚ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ ਅਤੇ ਰਣਜੀਤ ਬਾਵਾ ਸਮੇਤ ਰਵਾਇਤੀ ਗਾਇਕਾਂ ਵਿਚ ਪੰਮੀ ਬਾਈ, ਗੁਰਮੀਤ ਬਾਵਾ ਅਤੇ ਸੁਖੀ ਬਰਾੜ ਵੱਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਨਵੇਂ ਗਾਇਕਾਂ ਨੂੰ ਵੀ ਸਰਸ ਮੇਲੇ ਦੌਰਾਨ ਆਪਣੀ ਕਲਾ ਦਿਖਾਉਣ ਦਾ ਮੌਕਾ ਦਿੱਤਾ ਗਿਆ, ਜਿਸ ਵਿਚ ਮਾਨਕ ਅਲੀ, ਮੁਹੰਮਦ ਇਰਸ਼ਾਦ ਅਤੇ ਗੁਰਲੇਜ਼ ਅਖਤਰ ਨੇ ਵੀ ਆਪਣੇ ਗੀਤਾਂ ਨਾਲ ਲੋਕਾਂ ਨੂੰ ਨਿਹਾਲ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖ਼ਰੀਦਦਾਰੀ ਦੇ ਸ਼ੌਕੀਨਾਂ ਵੱਲੋਂ 12 ਦਿਨਾਂ ਅੰਦਰ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ ਗਈ। ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ 'ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਬਿਰਿਆਨੀ, ਚੀਨੀ ਭੋਜਨ ਦੀ ਮਹਿਕ ਨੇ ਖਾਣ ਪੀਣ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਬੱਚਿਆਂ ਲਈ ਝੂਲੇ, ਪੀਂਘਾਂ ਤੇ ਖਿਡੌਣਿਆਂ ਸਮੇਤ ਮਨੋਰੰਜਨ ਦੇ ਹੋਰ ਸਾਧਨਾਂ ਨੇ ਖ਼ੂਬ ਰੌਣਕਾਂ ਲਾਈਆਂ ਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ।