
ਮੁਕਤਸਰ: ਪਿਛਲੇ ਲੰਬੇ ਸਮੇਂ ਤੋਂ ਪੁਲਿਸ ਲਈ ਸਿਰਦਰਦੀ ਬਣੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਆਖਿਰ ਸ਼ੁੱਕਰਵਾਰ ਨੂੰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਜਵਾਨ ਪੁੱਤ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੌਂਡਰ ਦੀ ਮਾਂ ਨੇ ਰੋਂਦੇ ਹੋਏ ਬਸ ਇੰਨਾ ਹੀ ਕਿਹਾ ਕਿ 'ਪੁੱਤ ਮਰਿਆ ਮੇਰਾ ਦੁੱਖ ਤਾਂ ਹੁੰਦਾ ਹੀ ਹੈ, ਪਰ ਸਾਨੂੰ ਪਤਾ ਸੀ ਕਿ ਆਹ ਕੰਮ ਤਾਂ ਹੋਣਾ ਹੀ ਸੀ। ਜਦੋਂ ਓਹਦੇ ਕੰਮ ਹੀ ਏਦਾਂ ਦੇ ਸੀ।'
ਦੂਜੇ ਪਾਸੇ ਗੌਂਡਰ ਦੀ ਛੋਟੀ ਭੈਣ ਨੇ ਪੁਲਿਸ 'ਤੇ ਧੱਕਾਸ਼ਾਹੀ ਦੇ ਦੋਸ਼ ਲਗਾਏ ਹਨ। ਭੈਣ ਨੇ ਨਮ ਅੱਖਾਂ ਨਾਲ ਕਿਹਾ ਕਿ ਪੁਲਿਸ ਨੂੰ ਗ੍ਰਿਫਤਾਰ ਕਰ ਸਕਦੀ ਸੀ ਪਰ ਪੁਲਸ ਨੇ ਜਾਣ-ਬੁਝ ਕੇ ਉਸ ਦਾ ਐਨਕਾਊਂਟਰ ਕਰ ਦਿੱਤਾ। ਪਿਤਾ ਮਹਿਲ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤ ਦੀ ਹੱਤਿਆ ਦੀ ਸੂਚਨਾ ਨਹੀਂ ਦਿੱਤਾ। ਸੋਸ਼ਲ ਮੀਡੀਆ ਤੋਂ ਉਨ੍ਹਾਂ ਨੂੰ ਸਵਾ ਛੇ ਵਜੇ ਗੌਂਡਰ ਦੀ ਮੌਤ ਦੀ ਖਬਰ ਮਿਲ ਚੁੱਕੀ ਸੀ। ਰਾਤ ਸਤ ਵਜੇ ਪੁਲਿਸ ਪਿੰਡ ਆ ਗਈ ਅਤੇ ਘਰ ਨੂੰ ਘੇਰਾ ਪਾ ਲਿਆ।
ਉਧਰ ਗੌਂਡਰ ਦੇ ਤਾਏ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਵਿੱਕੀ ਨੂੰ ਝੂਠਾ ਐਨਕਾਊਂਟਰ ਬਣਾ ਕੇ ਮਾਰਿਆ ਹੈ। ਤਾਏ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਰਾਜਸਥਾਨ ਪੁਲਿਸ ਨੂੰ ਵੀ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਕਦੇ ਵੀ ਸੱਚ ਨਹੀਂ ਦੱਸਦੀ ਸਿਰਫ ਆਪਣੇ ਮੋਢੇ ਦੀਆਂ ਫੀਤੀਆਂ ਵਧਾਉਣ ਲਈ ਅਜਿਹੇ ਝੂਠੇ ਮੁਕਾਬਲੇ ਵਿਖਾ ਦਿੰਦੀ ਹੈ।