
ਫ਼ਿਰੋਜ਼ਪੁਰ: ਪਿੰਡ ਕਰੀਆ ਪਹਿਲਵਾਨ ਦੇ ਇਕ ਕਲਯੁੱਗੀ ਪੁੱਤ ਵਲੋਂ ਅਪਣੀ ਪਤਨੀ ਨਾਲ ਮਿਲ ਕੇ ਪਿਉ ਨੂੰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕਰੀਆ ਪਹਿਲਵਾਨ ਨੇ ਦਸਿਆ ਕਿ ਉਸ ਦੇ ਮਾਮਾ ਸ਼ਿੰਗਾਰਾ ਸਿੰਘ (70) ਪੁੱਤਰ ਮੋਹਨ ਸਿੰਘ ਦਾ ਅਪਣੇ ਲੜਕੇ ਸੁਖਵੀਰ ਸਿੰਘ ਅਤੇ ਨੂੰਹ ਸਿਰਮਨ ਕੌਰ ਨਾਲ ਮਾੜਾ ਮੋਟਾ ਝਗੜਾ ਰਹਿੰਦਾ ਸੀ।
ਸੁਖਦੇਵ ਨੇ ਦਸਿਆ ਕਿ ਬੀਤੇ ਦਿਨੀਂ ਜਦੋਂ ਦੁਪਹਿਰ ਕਰੀਬ ਤਿੰਨ ਵਜੇ ਉਸ ਦਾ ਮਾਮਾ ਸ਼ਿੰਗਾਰਾ ਸਿੰਘ ਪਿੰਡ ਕਰੀਆ ਪਹਿਲਵਾਨ ਵਿਖੇ ਹੀ ਮੌਜੂਦ ਸੀ ਤਾਂ ਉਸ ਦੇ ਪੁੱਤ ਸੁਖਵੀਰ ਸਿੰਘ ਅਤੇ ਨੂੰਹ ਸਿਮਰਨ ਕੌਰ ਨੇ ਪਹਿਲੋਂ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਦਾਹੜੀ ਪੁੱਟੀ। ਉਸ ਤੋਂ ਮਗਰੋਂ ਉਕਤ ਸੁਖਵੀਰ ਅਤੇ ਸਿਮਰਨ ਨੇ ਸੁਖਦੇਵ ਸਿੰਘ ਨੂੰ ਅਜਿਹੀਆਂ ਗੁੱਝੀਆਂ ਸੱਟਾਂ ਮਾਰੀਆਂ ਕਿ ਉਸ ਨੂੰ ਤੁਰਤ ਹਸਪਤਾਲ ਲਿਆਉਣਾ ਪਿਆ। ਫ਼ਿਰੋਜ਼ਪੁਰ ਸਿਵਲ ਹਪਸਤਾਲ ਪਹੁੰਚਦਿਆਂ ਡਾਕਟਰਾਂ ਨੇ ਉਸ ਦਾ ਇਲਾਜ਼ ਸ਼ੁਰੂ ਹੀ ਕੀਤਾ ਸੀ ਕਿ ਹਾਲਤ ਨੂੰ ਗੰਭੀਰ ਵੇਖਦਿਆਂ ਮਲਮ ਪੱਟੀ ਕਰ ਕੇ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿਤਾ ਗਿਆ।
ਸੁਖਦੇਵ ਸਿੰਘ ਨੇ ਦਸਿਆ ਕਿ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਉਸ ਦੇ ਜ਼ਖ਼ਮੀ ਮਾਮਾ ਸ਼ਿੰਗਾਰਾ ਸਿੰਘ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਇਤਲਾਹ ਕਰ ਦਿਤੀ ਗਈ ਹੈ।
ਕੇਸ ਦੀ ਜਾਂਚ ਕਰ ਰਹੇ ਥਾਣਾ ਸਦਰ ਫ਼ਿਰੋਜ਼ਪੁਰ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਸੁਖਦੇਵ ਸਿੰਘ ਦੇ ਬਿਆਨ ਦਰਜ ਕਰਦਿਆਂ ਸੁਖਵੀਰ ਸਿੰਘ ਪੁੱਤਰ ਸਵ. ਸ਼ਿੰਗਾਰਾ ਸਿੰਘ ਅਤੇ ਸਿਮਰਨ ਕੌਰ ਪਤਨੀ ਸੁਖਵੀਰ ਸਿੰਘ ਵਾਸੀਅਨ ਪਿੰਡ ਕਰੀਆਂ ਪਹਿਲਵਾਨ ਵਿਰੁਧ ਧਾਰਾ 302, 295-ਏ, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਸਐਚਓ ਨੇ ਦਸਿਆ ਕਿ ਫਿਲਹਾਲ ਸ਼ਿੰਗਾਰਾ ਸਿੰਘ ਦਾ ਕਤਲ ਕਰਨ ਵਾਲੇ ਸੁਖਵੀਰ ਸਿੰਘ ਅਤੇ ਸਿਰਮਨ ਕੌਰ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।