
ਤਰਨਤਾਰਨ, 2 ਫ਼ਰਵਰੀ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋ ਗੁਰੂ ਦੀ ਗੋਲਕ ਨੂੰ ਸੰਨ ਲਗਾਉਣ ਦੀਆਂ ਚਰਚਾਵਾਂ ਤਾਂ ਅਕਸਰ ਚਲਦੀਆਂ ਹੀ ਰਹਿੰਦੀਆਂ ਹਨ ਪਰ ਤਾਜ਼ਾ ਘਟਨਾ ਨੇ ਇਸ ਮਾਮਲੇ ਨੂੰ ਹੋਰ ਵੀ ਪੇਚੀਦਾ ਬਣਾ ਦਿਤਾ ਹੈ। ਜਾਣਕਾਰੀ ਮੁਤਾਬਕ ਗੁਰਦਵਾਰਾ ਪਾਤਸ਼ਾਹੀ ਨੌਵੀਂ ਭੀਖੀ ਜੋ ਕਿ ਸ਼ੈਕਸ਼ਨ 85 ਦੇ ਅਧੀਨ ਹੈ, ਵਿਚ ਰਖੇ ਸਕ੍ਰੈਪ ਨੂੰ ਵੇਚਣਾ ਸੀ। ਇਹ ਰੱਦੀ ਕਰੀਬ 30 ਕੁਇੰਟਲ ਸੀ ਜਦਕਿ ਪਰਚੀ ਸਿਰਫ਼ 17 ਕੁਇੰਟਲ ਦੀ ਹੀ ਲਈ ਗਈ। ਇਹ ਮਾਮਲਾ ਸ਼ੁਰੂ ਵਿਚ ਇਸ ਕਰ ਕੇ ਭੱਖ ਗਿਆ ਕਿਉਂਕਿ ਇਸ ਸਕ੍ਰੈਪ ਨੂੰ ਲੱਦ ਕੇ ਲਿਜਾਣ ਵਾਲੇ ਟਰੱਕ ਡਰਾਈਵਰ ਨੂੰ ਸ਼ੱਕ ਪੈ ਗਿਆ ਕਿ ਤੋਲ ਘੱਟ ਦਸਿਆ ਜਾ ਰਿਹਾ ਹੈ ਤੇ ਉਸ ਨੇ ਟਰੱਕ ਦੀ ਰੱਦੀ ਸਮੇਤ ਫ਼ੋਟੋ ਖਿੱਚ ਲਈ। ਭਰੇ ਟਰੱਕ ਨੂੰ 17 ਕੁਇੰਟਲ ਦੱਸਣ ਵਾਲੇ ਪ੍ਰਬੰਧਕਾਂ ਵਲੋਂ ਕੀਤੀ ਮਨਮਰਜ਼ੀ ਦੀ ਇਲਾਕੇ ਵਿਚ ਚਰਚਾ ਸ਼ੁਰੂ ਹੋ ਗਈ।
ਆਖ਼ਰ ਦਲ ਖ਼ਾਲਸਾ ਦੇ ਸੁਖਚੈਨ ਸਿੰਘ ਨੇ ਇਹ ਮਾਮਲਾ ਚੁਕਿਆ ਤੇ ਇਲਾਕੇ ਵਿਚ ਗੁਰੂ ਦੀ ਗੋਲਕ ਨੂੰ ਲਗੀ ਸੰਨ੍ਹ ਦੀ ਆਵਾਜ਼ ਬੁਲੰਦ ਕੀਤੀ। ਪਿੰਡ ਵਾਸੀਆਂ ਨੇ ਲਿਖਤੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਕੋਲ ਕੀਤੀ ਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੀ ਜਾਂਚ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਫ਼ਲਾਇੰਗ ਸਕਵੈਡ ਦੇ ਇਕ ਇੰਸਪੈਕਟਰ ਨੇ ਪੂਰੇ ਮਾਮਲੇ ਦੀ ਜਾਂਚ ਕਰ ਕੇ ਰੀਪੋਰਟ ਦਫ਼ਤਰ ਨੂੰ ਸੌਂਪ ਦਿਤੀ। ਬੀਤੇ ਦਿਨੀ ਪਿੰਡ ਵਾਸੀ ਇਸ ਘਪਲੇ ਵਿਰੁਧ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆ ਕੇ ਦੋ ਉਚ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ ਤੇ ਹੁਣ ਪਿੰਡ ਵਾਸੀਆਂ ਨੂੰ 10 ਫ਼ਰਵਰੀ ਤਕ ਉਡੀਕ ਲੈਣ ਦਾ ਸਮਾਂ ਦਿਤਾ ਗਿਆ ਹੈ। ਇਸ ਸਾਰੇ ਮਾਮਲੇ ਵਿਚ ਜ਼ਿੰਮੇਵਾਰ ਮੰਨੇ ਜਾ ਰਹੇ ਅਧਿਕਾਰੀ ਦਾ ਤਬਾਦਲਾ ਪਹਿਲਾਂ ਵੀ ਅਨੈਤਿਕਤਾ ਦੇ ਦੋਸ਼ਾਂ ਕਾਰਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭੀਖੀ ਦੇ ਇਸ ਗੁਰੂ ਘਰ ਵਿਚ ਹੋਇਆ ਹੈ। ਪੰਜਾਬ ਦੇ ਵੱਡੇ ਸਿਆਸੀ ਪਰਵਾਰ ਦਾ ਇਕ ਨੇੜਲਾ ਵਿਅਕਤੀ ਇਸ ਅਧਿਕਾਰੀ ਦੀ ਪਿਠ ਠੋਕ ਰਿਹਾ ਹੈ। ਹੁਣ 10 ਫ਼ਰਵਰੀ ਨੂੰ ਪਿੰਡ ਵਾਸੀਆਂ ਦੀ ਭਾਵਨਾ ਅਨੁਸਾਰ ਫ਼ੈਸਲਾ ਹੁੰਦਾ ਹੈ ਜਾਂ ਵੱਡੇ ਸਿਆਸੀ ਪਰਵਾਰ ਦਾ ਸਿੱਕਾ ਚਲਦਾ ਹੈ, ਇਹ ਸਮਾਂ ਹੀ ਦਸੇਗਾ।