
ਪੱਟੀ, 8 ਜਨਵਰੀ (ਅਜੀਤ ਘਰਿਆਲਾ, ਪ੍ਰਦੀਪ): ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਸਾਬਕਾ ਏ.ਡੀ.ਜੀ.ਪੀ ਪੰਜਾਬ ਸ਼੍ਰੀ ਸ਼ਸ਼ੀ ਕਾਂਤ ਵਿਰੁਧ ਕੀਤਾ ਮਾਨਹਾਨੀ ਦਾ ਕੇਸ ਵਾਪਸ ਲੈ ਲਿਆ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਯੂ-ਟਿਊਬ 'ਤੇ ਵਾਇਰਲ ਹੋਈ ਸਾਬਕਾ ਏ.ਡੀ.ਜੀ.ਪੀ ਪੰਜਾਬ ਦੀ ਵੀਡੀਉ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਕੁੱਝ ਰਾਜਨੀਤਿਕ ਆਗੂਆਂ 'ਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਇਸ ਵਿਚ ਉਨ੍ਹਾਂ ਨੇ ਵਲਟੋਹਾ ਸ਼ਬਦ ਵੀ ਵਰਤਿਆ ਸੀ ਜਿਸ 'ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਇਸ ਦਾ ਖੰਡਨ ਕਰਦਿਆਂ ਪੱਟੀ ਦੀ ਮਾਣਯੋਗ ਅਦਾਲਤ ਵਿਚ 23 ਅਪ੍ਰੈਲ 2015 ਨੂੰ ਐਡਵੋਕੇਟ ਕੰਵਲਜੀਤ ਸਿੰਘ ਬਾਠ ਰਾਹੀਂ ਮਾਣਹਾਨੀ ਦਾ ਕੇਸ ਫ਼ਾਇਲ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੇਸ ਦੀਆਂ ਹੁਣ ਤਕ 31 ਤਰੀਕਾਂ ਪੈ ਚੁੱਕੀਆਂ ਹਨ। ਅੱਜ ਮਾਣਯੋਗ ਜੱਜ ਅਮਨਦੀਪ ਸਿੰਘ ਘੁੰਮਣ ਜੇ.ਐਮ.ਆਈ.ਸੀ ਪੱਟੀ ਦੀ ਅਦਾਲਤ ਵਿੱਚ ਦੋਹੇਂ ਧਿਰਾਂ ਪੇਸ਼ ਹੋਈਆਂ ਜਿਸ ਵਿਚ ਸਾਬਕਾ ਏ.ਡੀ.ਜੀ.ਪੀ ਪੰਜਾਬ ਸ਼ਸ਼ੀਕਾਂਤ ਨੇ ਹਲਫ਼ੀਆ ਬਿਆਨ ਦੇ ਕੇ ਇਸ ਕੇਸ ਵਿਚ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਜਿਸ 'ਤੇ ਸਹਿਮਤ ਹੁੰਦਿਆਂ ਵਿਰਸਾ ਸਿੰਘ ਵਲਟੋਹਾ ਨੇ ਅਪਣਾ ਕੇਸ ਵਾਪਸ ਲੈ ਲਿਆ। ਇਸ ਮੌਕੇ ਸ੍ਰੀ ਸ਼ਸ਼ੀਕਾਂਤ ਵਲੋਂ ਐਡਵੋਕੇਟ ਦੀਪਕ ਅਰੋੜਾ ਪੇਸ਼ ਹੋਏ ਅਤੇ ਸਾਰੇ ਕਾਗ਼ਜ਼ਾਤ ਕੋਰਟ ਵਿਚ ਪੇਸ਼ ਕੀਤੇ। ਇਸ ਸਮੇਂ ਅਦਾਲਤ ਵਿਚੋਂ ਬਾਹਰ ਆ ਕੇ ਦੋਨੋਂ ਨੇ ਹੱਥ ਮਿਲਾਇਆ ਤੇ ਖ਼ੁਸ਼ੀ ਜਾਹਰ ਕੀਤੀ।