
'ਕੈਪਟਨ ਦੇ ਲੋਕਪੱਖੀ ਫ਼ੈਸਲਿਆਂ ਕਾਰਨ ਬੌਖਲਾਏ ਸੁਖਬੀਰ'
ਚੰਡੀਗੜ੍ਹ, 17 ਫ਼ਰਵਰੀ (ਸਸਸ): ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਐਂਡ ਸਟੇਸ਼ਨੀ, ਐਸ.ਸੀ.ਬੀ.ਸੀ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਲਾਰੇ ਲਾ ਕੇ ਲੋਕਾਂ ਨੂੰ ਠੱਗਣ ਸੰਬੰਧੀ ਲਾਏ ਜਾ ਰਹੇ ਇਲਜ਼ਾਮਾਂ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਪੋਲ ਖੋਲ੍ਹ ਰੈਲੀਆਂ ਦਾ ਡਰਾਮਾ ਕਰਨ ਵਾਲੇ ਸੁਖਬੀਰ ਬਾਦਲ ਹਿਸਾਬ ਦੇਣ ਕਿ ਅਪਣੀ ਸਰਕਾਰ ਦੇ 10 ਸਾਲਾਂ ਵਿਚ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਕਿੰਨਾ ਲੁਟਿਆ ਤੇ ਕੁਟਿਆ ਹੈ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਤੇ ਪੰਜਾਬੀਆਂ ਦੇ ਹਿੱਤ 'ਚ ਲਏ ਗਏ ਇਤਿਹਾਸਕ ਫ਼ੈਸਲਿਆਂ ਦੀ ਹਰ ਪਾਸੇ ਪ੍ਰਸ਼ੰਸਾ ਹੋਣ ਕਰ ਕੇ ਸੁਖਬੀਰ ਬਾਦਲ ਬੌਖਲਾਹਟ ਵਿਚ ਆ ਗਏ ਹਨ। ਜਿਸ ਕਰ ਕੇ ਅਪਣੇ 10 ਸਾਲਾਂ ਦੇ ਕਾਰਜਕਾਲ 'ਚ ਸੂਬੇ ਦੇ ਹਰ ਵਿਅਕਤੀ ਨੂੰ ਠੱਗਣ ਵਾਲੇ ਅੱਜ ਦੂਜਿਆਂ ਨੂੰ ਠੱਗ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਅਪਣੀ ਪੀੜ੍ਹੀ ਥੱਲੇ ਸੋਟੀ ਫੇਰਨੀ ਚਾਹੀਦੀ ਹੈ।
ਧਰਮਸੋਤ ਨੇ ਕਿਹਾ ਕਿ ਬਾਦਲ ਸਰਕਾਰ ਜੋ ਕੰਮ 10 ਸਾਲਾਂ ਵਿਚ ਨਹੀਂ ਕਰ ਸਕੀ, ਕੈਪਟਨ ਸਰਕਾਰ ਨੇ ਉਹ 10 ਮਹੀਨਿਆਂ 'ਚ ਕਰ ਵਿਖਾਇਆ ਹੈ। ਉਨ੍ਹਾਂ ਕਿਹਾ ਸੁਖਬੀਰ ਦੀ ਹਾਲਤ ਹਾਰੇ ਹੋਏ ਜੁਆਰੀਏ ਵਾਂਗ ਹੈ ਜੋ ਜੂਏ 'ਚ ਸੱਭ ਕੁੱਝ ਹਾਰਨ ਮਗਰੋਂ ਲੜਾਈ 'ਤੇ ਉੱਤਰ ਆਉਂਦਾ ਹੈ। ਕੈਪਟਨ ਸਰਕਾਰ ਵਲੋਂ ਕਿਸਾਨਾਂ ਦੀ ਕੀਤੀ ਗਈ ਕਰਜ਼ਾ ਮਾਫ਼ੀ ਬਾਦਲਾਂ ਨੂੰ ਹਜ਼ਮ ਨਹੀ ਹੋ ਰਹੀ। ਇਸੇ ਕਰ ਕੇ ਸੁਖਬੀਰ ਊਲ ਜਲੂਲ ਬੋਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਵਪਾਰੀਆਂ ਤੋਂ ਹੁਣ ਗੁੰਡਾ ਟੈਕਸ ਵਸੂਲਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ਾਂ ਨੇ ਵੀ ਸੁਖਬੀਰ ਤੇ ਹੋਰ ਅਕਾਲੀਆਂ ਦੀਆਂ ਨੀਂਦਾਂ ਹਰਾਮ ਕਰ ਦਿਤੀਆਂ ਹਨ। ਧਰਮਸੋਤ ਨੇ ਸਪੱਸ਼ਟ ਸਬਦਾਂ 'ਚ ਕਿਹਾ ਕਿ ਕਾਂਗਰਸ ਦੇ ਰਾਜ 'ਚ ਕਿਸੇ ਵੀ ਵਪਾਰੀ ਜਾਂ ਉਦਯੋਗਤੀ ਤੋਂ ਕਿਸੇ ਵੀ ਪ੍ਰਕਾਰ ਦਾ ਗੁੰਡਾ ਟੈਕਸ ਨਹੀਂ ਵਸੂਲਣ ਦਿਤਾ ਜਾਵੇਗਾ। ਉਨ੍ਹਾਂ ਸੁਖਬੀਰ ਨੂੰ ਨਸੀਹਤ ਦਿਤੀ ਕਿ ਉਹ ਪੋਲ ਖੋਲ੍ਹ ਰੈਲੀਆਂ ਕਰਨ ਦੀ ਬਜਾਏ ਅਪਣੇ ਕਾਰਜਕਾਲ ਦੇ 10 ਵਰ੍ਹਿਆਂ ਦੌਰਾਨ ਕੀਤੇ ਮਾੜੇ ਕੰਮਾਂ ਦੀ ਸਮੀਖਿਆ ਕਰਨ।