
ਅੰਮ੍ਰਿਤਸਰ,
30 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸੰਸਾਰ ਦੀਆਂ ਮਹਾਨ ਜੰਗਾਂ ਵਿਚ ਸ਼ੁਮਾਰ 12
ਸਤੰਬਰ 1897 ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਦੀ ਜੰਗ ਵਿਚ ਬਹਾਦਰੀ ਨਾਲ ਲੜਨ ਵਾਲੇ 36
ਸਿੱਖ ਬਟਾਲੀਅਨ ਦੇ 21 ਸਿੱਖਾਂ ਦੀ ਯਾਦ ਵਿਚ ਦਰਬਾਰ ਸਾਹਿਬ ਦੇ ਸਾਰਾਗੜ੍ਹੀ ਨਿਵਾਸ ਵਿਚ
ਇਕ ਵਿਸ਼ੇਸ਼ ਗੈਲਰੀ ਸਥਾਪਤ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ
ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਸਾਰਾਗੜ੍ਹੀ ਫ਼ਾਊਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ
ਸਿੰਘ ਜੋਸਨ, ਫ਼ਾਊਡੇਸ਼ਨ ਦੇ ਸੈਕਟਰੀ ਮਨਜੀਤ ਸਿੰਘ ਅਤੇ ਕੰਵਲਜੀਤ ਸਿੰਘ ਜੋਸਨ ਨਾਲ
ਮੁਲਾਕਾਤ ਦੌਰਾਨ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀਆਂ
ਮਹਾਨ ਜੰਗਾਂ ਵਿਚ ਸ਼ਾਮਲ ਹੈ ਜਿਸ ਦੇ ਨਾਇਕ ਸਿੱਖ ਫ਼ੌਜੀਆਂ ਵਲੋਂ ਦਿਖਾਈ ਗਈ ਬਹਾਦਰੀ ਨੂੰ
ਨੌਜੁਆਨ ਪੀੜੀ ਤਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਵਲੋਂ ਸਾਰਾਗੜ੍ਹੀ
ਨਿਵਾਸ ਵਿਖੇ ਇਕ ਵਿਸ਼ੇਸ਼ ਗੈਲਰੀ ਸਥਾਪਤ ਕਰ ਕੇ ਇਨ੍ਹਾਂ ਮਹਾਨ ਸ਼ਹੀਦ ਫ਼ੌਜੀਆਂ ਦੀਆਂ
ਤਸਵੀਰਾਂ ਲਾਈਆਂ ਜਾਣਗੀਆਂ ਜਿਸ ਦਾ ਉਦਘਾਟਨ 10 ਸਤੰਬਰ ਨੂੰ ਕੀਤਾ ਜਾਵੇਗਾ ਅਤੇ 12
ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਜੀਦਪੁਰ
(ਫਿਰੋਜ਼ਪੁਰ) ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਨ੍ਹਾਂ ਸ਼ਹੀਦਾਂ ਨੂੰ
ਸਮਰਪਿਤ 10 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਤੋਂ ਗੁਰਦੁਆਰਾ
ਸਾਰਾਗੜ੍ਹੀ ਸਾਹਿਬ ਤਕ ਇਕ ਮਾਰਚ ਵੀ ਕਢਿਆ ਜਾਵੇਗਾ।