
ਅ੍ਰਮਿੰਤਸਰ ਹਾਈਵੇਅ ‘ਤੇ ਜਾਮ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਅਤੇ ਸਾਂਸਦ ਰਣਜੀਤ ਸਿੰਘ ਬ੍ਰਹਿਮਪੁਰਾ ਸਮੇਤ ਕਈ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਖਿਲਾਫ਼ ਕੇਸ ਦਰਦ ਕੀਤੇ ਗਏ ਹਨ। ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਝੂਠੇ ਕੇਸ ਦਰਜ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਸਰਕਾਰ ਖਿਲਾਫ਼ 24 ਘੰਟੇ ਦਾ ਪ੍ਰਦਰਸ਼ਨ ਕੀਤਾ ਸੀ। ਜਿਸ ਤਹਿਤ ਪੰਜਾਬ ਵਿੱਚੋਂ ਗੁਜਰਨ ਵਾਲੇ ਸਾਰੇ ਵੱਡੇ ਹਾਈਵੇਅ ਜਾਮ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਵਿੱਚ ਨਗਰ ਪੰਚਾਇਤ ਚੋਣਾਂ ਦੀ ਨਾਮਜ਼ਦਗੀਆਂ ਦਾਇਰ ਕਰਨ ਸਮੇਂ ਕਾਂਗਰਸ ਤੇ ਅਕਾਲੀ ਵਰਕਰਾਂ ਵਿਚਕਾਰ ਖ਼ੂਨੀ ਝਡ਼ਪ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ‘ਤੇ ਇੱਕਤਰਫੀ ਕਾਰਵਾਈ ਦਾ ਇਲਜ਼ਾਮ ਲਾਉਂਦਿਆਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਹਰੀਕੇ ਪੱਤਣ ਵਿੱਚ ਸਤਲੁਜ ਦਰਿਆ ਦੇ ਪੁਲ ‘ਤੇ ਧਰਨਾ ਲਾ ਦਿੱਤਾ ਸੀ।
ਬਾਦਲ ਨੇ ਅਕਾਲੀ ਵਰਕਰਾਂ ਵਿਰੁੱਧ ਹੋਏ ਪੁਲਿਸ ਕੇਸ ਵਾਪਸ ਲੈਣ ਦੀ ਸ਼ਰਤ ‘ਤੇ ਧਰਨਾ ਚੁੱਕਣ ਦਾ ਐਲਾਨ ਕੀਤਾ ਸੀ ਅਤੇ ਹੁਣ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਧਾਰਾ 307 ਦੇ ਖ਼ਤਮ ਕਰਨ ਤੇ ਕਾਂਗਰਸੀਆਂ ਵਿਰੁੱਧ ਵੀ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਧਰਨੇ ਖ਼ਤਮ ਕਰ ਦਿੱਤੇ ਹਨ। ਇਨ੍ਹਾਂ ਧਰਨਿਆਂ ਤੋਂ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ, ਜਿਸ ‘ਤੇ ਸੁਖਬੀਰ ਬਾਦਲ ਨੇ ਮੁਆਫੀ ਵੀ ਮੰਗੀ ਹੈ।