
ਸਮਾਣਾ, 5 ਦਸੰਬਰ (ਕਰਮਚੰਦ ਰਾਜਲਾ) : ਪੰਜਾਬ ਦੇ ਰਾਜ ਅਤੇ ਰਾਸ਼ਟਰੀ ਮਾਰਗਾਂ 'ਤੇ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਪ੍ਰਤੀ ਸਖ਼ਤ ਰੁੱਖ ਅਪਣਾਉਦਿਆਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਰਾਜ ਦੇ ਅਬਕਾਰੀ ਵਿਭਾਗ ਨੂੰ ਝਾੜ ਪਾਉਦਿਆਂ ਹੋਇਆਂ ਅਜਿਹੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਰਕਦੇ ਹੋਏ ਵਿਭਾਗ ਕੋਲੋਂ ਜਵਾਬ ਮੰਗਿਆ ਹੈ ਕਿਉਕਿ ਅਜੇ ਵੀ ਬਹੁਤ ਗਿਣਤੀ ਸ਼ਰਾਬ ਦੀਆਂ ਦੁਕਾਨਾਂ ਪੰਜ ਸੌ ਮੀਟਰ ਦੇ ਘੇਰੇ ਦੀ ਉਲੰਘਣਾ ਕਰ ਰਹੀਆਂ ਹਨ। ਸਹਾਇਕ ਅਬਕਾਰੀ ਤੇ ਕਰ ਕਮਿਸਨਰ ਪਟਿਆਲਾ ਅਧੀਨ ਪੈਂਦੇ ਕਈ ਸ਼ਰਾਬ ਦੇ ਸਰਕਲਾਂ ਅੰਦਰ ਜਿਥੇ ਸ਼ਰਾਬ ਦੀਆਂ ਨਾਜਾਇਜ਼ ਦੁਕਾਨਾਂ ਚੱਲ ਰਹੀਆਂ ਹਨ, ਜਦਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਘੇਰੇ ਅੰਦਰ ਕੋਈ ਵੀ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹੀ ਜਾ ਸਕਦੀ। ਆਰ.ਟੀ.ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਰਾਬ ਦੇ ਠੇਕੇਦਾਰਾਂ ਵਲੋਂ ਕਥਿਤ ਤੌਰ 'ਤੇ ਸਮਾਣਾ ਇਲਾਕੇ ਅੰਦਰ ਸੜਕਾਂ ਦੇ ਬਿਲਕੁਲ ਕਿਨਾਰੇ 'ਤੇ ਅਤੇ ਕਈ ਦੁਕਾਨਾਂ ਨੂੰ ਸ਼ੀਸ਼ੀਆਂ ਵਾਲੇ ਦਰਵਾਜੇ ਲਗਵਾ ਕੇ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ। ਇਨ੍ਹਾਂ ਦੁਕਾਨਾਂ ਵਿਚ ਪਹਿਲਾਂ ਹੀ ਪੁਰਾਣੇ ਸ਼ਰਾਬ ਦੇ ਠੇਕੇ ਚਲਦੇ ਸਨ। ਉਨ੍ਹਾਂ ਕਿਹਾ ਕਿ ਪਿੰਡ ਮਵੀ ਕਲਾਂ, ਕਕਰਾਲਾ ਭਾਈਕਾ, ਰੇਤਗੜ੍ਹ ਅਤੇ ਨਿਰਮਾਣ ਢਾਬੇ ਦੇ ਨੇੜੇ ਅਤੇ ਹੋਰ ਕਈ ਥਾਵਾਂ 'ਤੇ ਅਜਿਹੀਆਂ ਸ਼ਰਾਬ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਜਿਹੜੀਆਂ ਸਿੱਧੇ ਰੂਪ 'ਚ ਹੀ ਉਚ ਆਦਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ ਕਈ ਦੁਕਾਨਾਂ ਗ਼ੈਰ ਕਾਨੂੰਨੀ ਤੌਰ 'ਤੇ ਚੱਲ ਰਹੀਆਂ ਹਨ।
ਇਸੇ ਤਰ੍ਹਾਂ ਕੌਮੀ ਹਾਈਵੇ 'ਤੇ ਵੀ ਸਰੇਆਮ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ। ਪਰ ਅਬਕਾਰੀ ਵਿਭਾਗ ਵਲੋਂ ਇਸ ਵੱਲ ਕੋਈ ਧਿਆਨ ਨਹੀ ਦਿਤਾ ਜਾ ਰਿਹਾ ਸਗੋਂ ਜਾਣ ਬੁੱਝ ਕੇ ਅਜਿਹੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਚਲਾਉਣ ਦੀ ਖੁੱਲ੍ਹ ਦਿਤੀ ਜਾ ਰਹੀ ਹੈ। ਜਿਸ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਅਰਾਈਵ ਸੇਫ ਵਲੋਭ ਦੁਬਾਰਾ ਫਿਰ ਮਨਯੋਗ ਪੰਜਾਬ ਹਰਿਆਣਾ ਹਾਈਕਰੋਟ ਦਰਵਾਜਾ ਖੜਕਾਇਆ ਗਿਆ ਹੈ। ਜਿਸ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਅਜਿਹੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।