
ਫ਼ਿਰੋਜ਼ਪੁਰ/ਮੱਖੂ, 8 ਦਸੰਬਰ (ਬਲਬੀਰ ਸਿੰਘ ਜੋਸਨ, ਕੇਵਲ ਅਹੂਜਾ) : ਨਗਰ ਪੰਚਾਇਤ ਮੱਖੂ ਅਤੇ ਮੱਲਾਂਵਾਲਾ ਦੀਆਂ ਚੋਣਾਂ ਦੌਰਾਨ ਜੋ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ 'ਤੇ ਪਿਛਲੇ ਦਿਨੀਂ ਮੱਲਾਂਵਾਲਾ ਸ਼ਹਿਰ ਵਿੱਚ ਕਥਿਤ ਤੌਰ 'ਤੇ ਜਾਨਲੇਵਾ ਹਮਲਾ ਕੀਤਾ ਸੀ, ਉਸ ਸਬੰਧੀ ਕਾਂਗਰਸੀ ਆਗੂਆਂ 'ਤੇ ਪਰਚਾ ਦਰਜ਼ ਕਰਨ ਦੀ ਬਜਾਏ ਉਲਟਾ ਅਕਾਲੀ ਆਗੂਆਂ 'ਤੇ ਹੀ ਧਾਰਾ 307 ਤਹਿਤ ਪਰਚੇ ਦਰਜ ਕਰ ਦਿਤੇ ਗਏ ਸਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਰੁਧ ਦਰਜ ਕੀਤੇ ਝੂਠੇ ਕੇਸਾਂ ਅਤੇ ਮਿਊਂਸਪਲ ਚੋਣਾਂ ਵਿਚ ਉਨ੍ਹਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਧਿਕਾਰ ਤੋਂ ਵਾਂਝਾ ਕੀਤੇ ਜਾਣ ਦੇ ਵਿਰੋਧ ਵਿਚ ਅਣਮਿੱਥੇ ਸਮੇਂ ਲਈ ਸੂਬਾ ਭਰ ਵਿਚ ਧਰਨੇ ਸ਼ੁਰੂ ਕੀਤੇ ਗਏ ਸਨ, ਜੋ ਅੱਜ ਸ਼ਾਮ ਨੂੰ ਸਮਾਪਤ ਕਰ ਦਿਤੇ ਗਏ। ਮਾਝਾ, ਮਾਲਵਾ ਤੇ ਦੁਆਬਾ ਨੂੰ ਜੋੜਨ ਵਾਲੇ ਪੁਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਬੈਠੇ ਅਕਾਲੀ ਆਗੂ ਅਤੇ ਵਰਕਰਾਂ ਨਾਲ ਗੱਲਬਾਤ ਦੌਰਾਨ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ ਸ. ਰਜਿੰਦਰ ਸਿੰਘ ਨੇ ਅਕਾਲੀ ਆਗੂਆਂ ਵਿਰੁਧ ਦਰਜ ਪਰਚਿਆਂ ਵਿਚੋਂ ਧਾਰਾ 307 ਖ਼ਤਮ ਕਰਨ ਅਤੇ ਜਿਹੜੇ ਕਾਂਗਰਸੀਆਂ ਨੇ ਅਕਾਲੀ ਆਗੂਆਂ 'ਤੇ ਹਮਲਾ ਕੀਤਾ ਹੈ, ਉਨ੍ਹਾਂ ਆਗੂਆਂ ਵਿਰੁਧ ਬਣਦੀ ਢੁੱਕਵੀਂ ਕਾਰਵਾਈ ਕਰਨ ਦਾ ਭਰੌਸਾ ਦਿਵਾਇਆ। ਜਿਸ ਤੋਂ ਅਕਾਲੀਆਂ ਨੇ ਅਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਧਰਨਿਆਂ ਕਾਰਨ ਆਮ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ। ਉਹਨਾਂ ਕਿਹਾ ਕਿ ਪਾਰਟੀ ਨੂੰ ਜਦੋਂ ਇਨਸਾਫ ਨਹੀਂ ਮਿਲਿਆ ਤਾਂ ਮਜ਼ਬੂਰ ਹੋ ਕੇ ਅਜਿਹਾ ਸਖ਼ਤ ਕਦਮ ਚੁੱਕਣਾ ਪਿਆ। ਉਹਨਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਲੜਣ ਲਈ ਜਾਣਿਆ ਜਾਂਦਾ ਹੈ। ਐਮਰਜੰਸੀ ਦੌਰਾਨ ਅਸੀਂ ਲੜਾਈ ਵਿਚ ਸਭ ਤੋਂ ਅੱਗੇ ਸੀ। ਹੁਣ ਵੀ ਅਸੀਂ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਕਾਨੂੰਨ ਦੇ ਰਾਜ ਦੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਧਰਨਿਆਂ ਉੱਤੇ ਬੈਠੇ ਸੀ। ਸਾਨੂੰ ਮਾਣ ਹੈ ਕਿ ਅਸੀਂ ਆਪਣਾ ਟੀਚਾ ਹਾਸਿਲ ਕਰ ਲਿਆ ਹੈ , ਪਰ ਇਸ ਦੇ ਨਾਲ ਹੀ ਲੋਕਾਂ ਨੂੰ ਹੋਈ ਅਸੁਵਿਧਾ ਦਾ ਅਫਸੋਸ ਵੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਬਜ਼ੁਰਗਾਂ, ਅਪੰਗਾਂ ਅਤੇ ਸਕੂਲੀ ਬੱਚਿਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਵਿਸ਼ੇਸ਼ ਯਤਨ ਕੀਤੇ ਸਨ। ਸਰਦਾਰ ਬਾਦਲ ਨੇ ਪਾਰਟੀ ਵਰਕਰਾਂ ਦਾ ਸ਼ੁਕਰੀਆ ਅਦਾ ਕੀਤਾ, ਜਿਹੜੇ ਲੋਕਤੰਤਰ ਦੀ ਰਾਖੀ ਲਈ ਇੱਕਜੁਟ ਹੋ ਗਏ ਸਨ।