
ਐਸ.ਏ.ਐਸ.ਨਗਰ, 9 ਜਨਵਰੀ (ਗੁਰਮੁਖ ਵਾਲੀਆ, ਪ੍ਰਭਸਿਮਰਨ ਸਿੰਘ ਘੱਗਾ): ਲੁਧਿਆਣਾ ਸਥਿਤ ਚਰਚ ਦੇ ਪਾਦਰੀ ਸੁਲਤਾਨ ਮਸੀਹ ਕਤਲ ਮਾਮਲੇ 'ਚ ਐਨ.ਆਈ.ਏ ਵਲੋਂ ਮਾਮਲੇ 'ਚ ਨਾਮਜ਼ਦ ਮੁਲਜ਼ਮ ਹਰਦੀਪ ਸਿੰਘ ਉਰਫ਼ ਸ਼ੇਰਾ ਨੂੰ ਦਿੱਲੀ ਤੋਂ ਮੋਹਾਲੀ ਅਦਾਲਤ ਵਿਚ ਲਿਆਂਦਾ ਗਿਆ। ਦਿੱਲੀ ਪੁਲਿਸ ਵਲੋਂ ਭਾਰੀ ਸੁਰੱਖਿਆ ਵਿਚ ਮੰਗਲਵਾਰ ਨੂੰ ਮੁਲਜ਼ਮ ਹਰਦੀਪ ਸਿੰਘ ਉਰਫ਼ ਸ਼ੇਰਾ ਨੂੰ ਮੋਹਾਲੀ ਦੀ ਸਪੈਸ਼ਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼ੇਰਾ ਦੀ ਕਸਟਡੀ ਐਨ.ਆਈ.ਏ ਕੋਲ ਹੀ ਸੀ ਪਰ 6 ਜਨਵਰੀ ਨੂੰ ਐਨ.ਆਈ.ਏ ਨੇ ਸ਼ੇਰਾ ਨੂੰ ਦਿੱਲੀ ਦੀ ਸੀਜੀਐਮ ਅਦਾਲਤ ਵਿਚ ਲਿਜਾ ਕੇ ਉਸ ਤੋਂ ਕਬੂਲ ਕਰਵਾ ਦਿਤਾ ਜਿਥੇ ਦਿੱਲੀ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰੀਮਾਂਡ 'ਤੇ ਭੇਜ ਦਿਤਾ ਸੀ ਜਿਸ ਕਾਰਨ ਦਿੱਲੀ ਪੁਲਿਸ ਹੀ ਮੁਲਜ਼ਮ ਸ਼ੇਰਾ ਨੂੰ ਮੋਹਾਲੀ ਲਿਆਈ। ਹੁਣ ਸ਼ੇਰਾ ਨੂੰ ਪੰਜਾਬ ਦੀ ਨਾਭਾ ਜੇਲ ਵਿਚ ਭੇਜ ਦਿਤਾ ਹੈ ਉਥੇ ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਨੂੰ ਵੀ ਅੱਜ ਐਨ.ਆਈ.ਏ ਦੀ ਸਪੈਸ਼ਲ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਜੁਡੀਸ਼ੀਅਲ ਰੀਮਾਂਡ 'ਤੇ ਭੇਜ ਦਿਤਾ ਹੈ।