ਮੁੱਲਾਂਪੁਰ ਦਾਖਾ - ਦਿੱਲੀ ਵਿਖੇ ਜਨਤਕ ਥਾਂ 'ਤੇ ਸਿਗਰਟ ਪੀਣ ਦਾ ਵਿਰੋਧ ਕਰਨ 'ਤੇ ਮਾਰੇ ਗਏ ਗੁਰਪ੍ਰੀਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਬਠਿੰਡਾ ਨੂੰ ਇਨਸਾਫ ਦਿਵਾਉਣ ਲਈ 'ਆਪ' ਦੇ ਵਿਧਾਇਕ ਅਤੇ ਹਾਈਕੋਰਟ ਦੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਹਾਮੀ ਭਰੀ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਮੌਕੇ ਦੇ ਚਸ਼ਮਦੀਦ ਗਵਾਹ ਨਾਲ ਫੂਲਕਾ ਨਾਲ ਮੁਲਾਕਾਤ ਕਰਕੇ ਪੂਰੇ ਕੇਸ ਦੀ ਅਦਾਲਤੀ ਪੈਰਵਾਈ ਲਈ ਅਪੀਲ ਕੀਤੀ ਤਾਂ ਵਿਧਾਇਕ ਫੂਲਕਾ ਨੇ ਕਿਹਾ ਕਿ ਉਹ ਮ੍ਰਿਤਕ ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਦੋਸ਼ੀ ਨੂੰ ਸਜ਼ਾ ਦਿਵਾਉਣ ਤੱਕ ਕੇਸ ਦੀ ਪੈਰਵਾਈ ਕਰਨਗੇ।
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਮੀਟਿੰਗ ਉਪਰੰਤ ਫੂਲਕਾ ਨੇ ਦੱਸਿਆ ਕਿ ਆਸਾਮ ਦੇ ਉਕਤ ਕਥਿਤ ਦੋਸ਼ੀ ਮਹੰਤੋ ਵੱਲੋਂ ਪਹਿਲਾਂ ਕਿਸੇ ਢਾਬੇ ਉੱਪਰ ਬਾਈਕ ਨੂੰ ਜਾਣਬੁੱਝ ਕੇ ਟੱਕਰ ਮਾਰਨ ਤੋਂ ਪਹਿਲਾਂ ਹੀ ਗੁਰਪ੍ਰੀਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਕੇਸ ਵਿਚ ਸ਼ਿਕਾਇਤਕਰਤਾ ਵੱਲੋਂ ਖੁਦ ਪੇਸ਼ ਹੋਣਗੇ, ਬਾਕੀ ਕੇਸ ਦੀ ਪੈਰਵਾਈ ਜਰਨੈਲ ਸਿੰਘ ਵੱਲੋਂ ਕੀਤੀ ਜਾਵੇਗੀ ਅਤੇ ਦਿੱਲੀ ਸਰਕਾਰ ਵੱਲੋਂ ਸਰਕਾਰੀ ਵਕੀਲ ਬੀ. ਐੱਸ. ਜੈਨ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
6 ਅਕਤੂਬਰ ਨੂੰ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਦੋਸਤ ਮਨਿੰਦਰ ਸਿੰਘ ਵੱਲੋਂ ਪੇਸ਼ੀ 'ਤੇ ਜਾਣ ਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ ਦੇ ਸਬੰਧ ਵਿਚ ਦਿੱਲੀ ਜਾਣ ਮੌਕੇ ਮਨਿੰਦਰ ਸਿੰਘ ਨੂੰ ਪੁਲਿਸ ਸੁਰੱਖਿਆ ਦਿੱਤੇ ਜਾਣ ਸਬੰਧੀ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖ ਕੇ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਜਾਵੇਗੀ।