
ਨਵੀਂ
ਦਿੱਲੀ, 20 ਸਤੰਬਰ (ਅਮਨਦੀਪ ਸਿੰਘ) : ਦਿੱਲੀ ਦੇ ਏਮਜ਼ ਹਸਪਤਾਲ ਦੇ ਬਾਹਰ ਸਿਗਰਟ ਪੀਣ
ਤੋਂ ਟੋਕਣ ਨੂੰ ਲੈ ਕੇ ਇਕ ਬੰਦੇ ਨਾਲ ਦੋ ਸਿੱਖ ਨੌਜਵਾਨਾਂ ਦੇ ਹੋਏ ਅਖੌਤੀ ਝਗੜੇ 'ਚ
ਬੁਰੀ ਤਰ੍ਹਾਂ ਫੱਟੜ ਹੋਏ ਨੌਜਵਾਨ ਗੁਰਪ੍ਰੀਤ ਸਿੰਘ (21) ਦੀ ਅੱਜ ਮੌਤ ਹੋ ਗਈ।
ਗੁਰਪ੍ਰੀਤ ਸਿੰਘ ਪਿਛਲੇ ਦੋ ਦਿਨ ਤੋਂ ਏਮਜ਼ ਦੇ ਟਰਾਮਾ ਸੈਂਟਰ 'ਚ ਕੋਮਾ ਦੀ ਹਾਲਤ ਵਿਚ
ਵੈਨਟੀਲੈਟਰ 'ਤੇ ਸੀ।
ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਇਸ ਮਾਮਲੇ ਵਿਚ ਦਿੱਲੀ ਪੁਲਿਸ 'ਤੇ ਮਾਮਲਾ ਦਰਜ ਨਾ ਕਰਨ ਦਾ ਦੋਸ਼ ਲਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀਬੀਆਈ ਪੜਤਾਲ ਕਰਵਾਈ ਜਾਵੇ। ਦਿੱਲੀ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਸ ਮਾਮਲੇ ਵਿਚ ਦਬਾਅ ਹੋਣ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਮਾਮਲੇ ਨੂੰ ਸੰਜੀਦਗੀ ਨਾਲ ਲੈ ਰਹੇ ਹਨ।
ਮ੍ਰਿਤਕ ਦੇ ਦੋਸਤਾਂ ਦਾ ਦੋਸ਼ ਹੈ ਕਿ ਦੋਸ਼ੀ ਅਸਰ ਰਸੂਖ ਵਾਲਾ ਹੈ। ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ਾਮ ਨੂੰ ਹੀ ਦੋਹਾਂ ਨੌਜਵਾਨਾਂ ਦੀ ਹਮਾਇਤ ਵਿਚ ਦਿੱਲੀ ਇੰਸਟੀਚਿਊਟ ਆਫ਼ ਫ਼ੋਟੋਗ੍ਰਾਫੀ ਦੇ ਉਨ੍ਹਾਂ ਦੇ ਹਮ-ਜਮਾਤੀ ਤੇ ਹੋਰ ਸਿੱਖ ਤੇ ਗ਼ੈਰ-ਸਿੱਖ ਨੌਜਵਾਨ ਪੁੱਜੇ ਹੋਏ ਸਨ। ਸਾਰਿਆਂ ਨੇ ਹੀ ਅਪਣੇ ਹੱਥਾਂ ਵਿਚ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀਆਂ ਤਸਵੀਰਾਂ ਲੈ ਕੇ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਦੋਸ਼ੀ ਵਿਰੁਧ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਹਾਲੀਆ ਤੌਰ 'ਤੇ ਮਾਮਲਾ ਨਸਲੀ
ਟਿੱਪਣੀਆਂ ਹੋਣ ਦਾ ਵੀ ਬਣਦਾ ਨਜ਼ਰ ਆ ਰਿਹਾ ਹੈ। ਮ੍ਰਿਤਕ ਦੇ ਦੋਸਤਾਂ ਨੇ ਫ਼ੇਸਬੁਕ 'ਤੇ
'ਜਸਟਿਸ ਫਾਰ ਗੁਰਪ੍ਰੀਤ' ਨਾਂ ਦੀ ਮੁਹਿੰਮ ਵੀ ਸ਼ੁਰੂ ਕਰ ਦਿਤੀ ਹੈ। ਵੇਰਵਿਆਂ ਮੁਤਾਬਕ
ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੇ ਵਸਨੀਕ ਦੋ ਦੋਸਤ ਮਨਿੰਦਰ ਸਿੰਘ ਤੇ ਗੁਰਪ੍ਰੀਤ
ਸਿੰਘ ਪਿਛਲੇ ਇਕ ਸਾਲ ਤੋਂ ਦਿੱਲੀ ਯੂਨੀਵਰਸਟੀ ਨੇੜੇ ਦਿੱਲੀ ਇੰਸਟੀਚਿਊਟ ਔਫ ਫੋਟੋਗ੍ਰਾਫੀ
'ਚ ਕੋਰਸ ਕਰ ਰਹੇ ਸਨ। ਦੋਵੇਂ ਦੋਸਤ ਐਤਵਾਰ ਤੜਕੇ 4 ਕੁ ਵਜੇ ਸਫ਼ਦਰਜੰਗ ਹਸਪਤਾਲ ਨੇੜੇ
ਰੇਹੜੀ ਤੋਂ ਚਾਹ ਤੇ ਪਰੋਂਠੇ ਖਾ ਰਹੇ ਸਨ। ਉਦੋਂ ਉਥੇ ਇਕ ਆਦਮੀ ਆਇਆ ਤੇ ਉਹਨੇ ਸਿਗਰਟ
ਪੀਣੀ ਸ਼ੁਰੂ ਕਰ ਦਿਤੀ ਤੇ ਗੁਰਪ੍ਰੀਤ ਉਤੇ ਧੂੰਆਂ ਸੁਟਣ ਲੱਗ ਪਿਆ। ਜਦੋਂ ਅੱਗੋਂ ਅਸੀਂ
ਵਿਰੋਧ ਕੀਤਾ ਤੇ ਬਹਿਸਬਾਜ਼ੀ ਹੋਈ। ਉਸਨੇ ਅੱਗੋਂ ਧਮਕਾਇਆ ਤੇ ਸਿੱਖ ਹੋਣ 'ਤੇ ਨਸਲੀ
ਟਿੱਪਣੀ ਕੀਤੀ। ਜਦੋਂ ਦੋਵੇਂ ਦੋਸਤ ਬਾਈਕ 'ਤੇ ਬਹਿ ਕੇ ਉਥੋਂ ਜਾਣ ਲੱਗੇ ਤਾਂ ਪਿਛੋਂ ਇਕ
ਕਾਰ ਨਾਲ ਫੇਟ ਮਾਰੀ।