ਲੰਦਨ, 20 ਦਸੰਬਰ: ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ ਸਿੱਖ, ਹਿੰਦੂ ਅਤੇ ਇਸਲਾਮ ਧਰਮ ਸਮੇਤ ਦੁਨੀਆਂ ਭਰ ਦੇ ਗ਼ੈਰ ਈਸਾਈ ਧਰਮਾਂ ਦੇ ਤਿਉਹਾਰਾਂ ਦੀ ਧਾਰਮਕ ਕਵਰੇਜ ਨੂੰ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਦੀਵਾਲੀ ਅਤੇ ਈਦ ਵਰਗੇ ਤਿਉਹਾਰਾਂ ਨੂੰ ਬੀਬੀਸੀ ਦੇ ਪ੍ਰੋਗਰਾਮ ਵਿਚ ਅਹਿਮ ਥਾਂ ਦਿਤੀ ਜਾਵੇਗੀ। ਬੀਬੀਸੀ ਦੀ ਅੱਜ ਪ੍ਰਕਾਸ਼ਤ ਹੋਈ 'ਰੀਲੀਜਨ ਐਂਡ ਐਥਿਕਸ ਰੀਵਿਊ' ਵਿਚ ਕਿਹਾ ਗਿਆ ਹੈ ਕਿ ਅਸੀਂ ਦੀਵਾਲੀ, ਈਦ ਅਤੇ ਵੈਸਾਖੀ ਵਰਗੇ ਵੱਡੇ ਦਿਹਾੜਿਆਂ ਲਈ ਵਿਸ਼ੇਸ਼ ਕਵਰੇਜ ਦਿਆਂਗੇ। ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਇਹ ਯਕੀਨੀ
ਹੋਵੇਗਾ ਕਿ ਬੀਬੀਸੀ ਵਿਸ਼ਵ ਨੂੰ ਵਧੀਆ ਢੰਗ ਨਾਲ ਪੇਸ਼ ਕਰਦਾ ਹੈ ਅਤੇ ਰੋਜ਼ਾਨਾ ਦੇ ਜੀਵਨ ਵਿਚ ਧਰਮ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਧਰਮ ਦੇ ਅਸਰ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਨਵੇਂ ਪ੍ਰੋਗਰਾਮ ਤਹਿਤ ਬੀਬੀਸੀ ਧਾਰਮਕ ਅਤੇ ਨੈਤਿਕ ਮੁੱਦਿਆਂ 'ਤੇ ਪ੍ਰਾਈਮ ਟਾਈਮ ਵਿਚ ਚਿੱਤਰ ਪੇਸ਼ ਕਰੇਗਾ। ਇਨ੍ਹਾਂ ਯੋਜਨਾਵਾਂ ਵਿਚ ਸਹਿਯੋਗ ਦੇਣ ਲਈ ਕਈ ਧਰਮ ਦੀਆਂ ਔਰਤਾਂ, ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਸੱਦਿਆ ਜਾਵੇਗਾ। ਹਾਲ ਨੇ ਕਿਹਾ ਕਿ ਈਸਾਈ ਧਰਮ ਨੂੰ ਕਵਰ ਕਰਨ ਲਈ ਬੀਬੀਸੀ ਦੀ ਵਚਨਬੱਧਤਾ ਕਿਸੇ ਵੀ ਤਰ੍ਹਾਂ ਘੱਟ ਨਾ ਹੋਵੇ, ਇਸ ਦੇ ਲਈ ਕਾਰਪੋਰੇਸ਼ਨ ਕ੍ਰਿਸਮਸ ਅਤੇ ਈਸਟਰ ਨੂੰ ਕਵਰ ਕਰਨ ਲਈ ਨਵੇਂ ਤਰੀਕੇ ਖੋਜੇਗਾ। (ਪੀ.ਟੀ.ਆਈ.)
end-of