
ਸ੍ਰੀ ਅਨੰਦਪੁਰ ਸਾਹਿਬ, 8 ਫ਼ਰਵਰੀ (ਸੁਖਵਿੰਦਰ ਪਾਲ ਸਿੰਘ ਸੁੱਖੂ): ਪੰਜਾਬ ਦੇ ਮੁੱਖ ਮੰਤਰੀ ਵਲੋਂ ਸੂਬੇ ਅੰਦਰ ਨਾਜਾਇਜ਼ ਰੇਤੇ ਦੀ ਖੁਦਾਈ ਨੂੰ ਸਖ਼ਤੀ ਨਾਲ ਨੱਥ ਪਾਉਣ ਦੇ ਬੇਸ਼ੱਕ ਹੁਕਮ ਦਿਤੇ ਗਏ ਹਨ ਪਰ ਸ੍ਰੀ ਅਨੰਦਪੁਰ ਸਾਹਿਬ ਨਾਲ ਲਗਦੇ ਅਗੰਮਪੁਰ ਜ਼ੋਨ ਅੰਦਰ ਧੜੱਲੇ ਨਾਲ ਨਾਜਾਇਜ਼ ਰੇਤੇ ਦੀ ਖੁਦਾਈ ਜਾਰੀ ਹੈ। ਜਦਕਿ ਕਰੱਸ਼ਰਾਂ ਦੇ ਨਾਮ 'ਤੇ ਸਤਲੁਜ ਦਰਿਆ ਦੇ ਧਰਾਤਲ ਨੂੰ ਵਿਗਾੜ ਕੇ ਕਈ-ਕਈ ਫੁੱਟ ਗਹਿਰਾਈ ਤਕ ਰੇਤ ਮਾਫ਼ੀਆ ਵਲੋਂ ਖੁਦਾਈ ਕੀਤੀ ਜਾ ਰਹੀ ਹੈ। ਜਦਕਿ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੇ ਅਹਿਮ ਹਿੱਸੇ ਦੁਆਬਾ ਅਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਸਰਹੱਦ 'ਤੇ ਸਥਿਤ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਦੇ ਪੁਆਧ ਦੇ ਖਿੱਤੇ ਨੂੰ ਆਪਸ ਵਿਚ ਜੋੜਨ ਵਾਲੇ ਵੱਡੇ ਪੁਲ ਦੇ ਇਰਦ-ਗਿਰਦ ਧੜੱਲੇ ਨਾਲ ਹੋ ਰਹੇ ਨਾਜਾਇਜ਼ ਖੁਦਾਈ ਨੇ ਜਿਥੇ ਰੇਤ ਮਾਫ਼ੀਆ ਦੇ ਹੌਂਸਲੇ ਬੁਲੰਦ ਕੀਤੇ ਹੋਏ ਹਨ ਉਥੇ ਹੀ ਪੁਲ ਦੀ ਹੋਂਦ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ।
ਆਲਾ ਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਘੁੱਪ ਹਨ੍ਹੇਰੇ ਅੰਦਰ ਜੇਕਰ ਕੋਈ ਇਸ ਪੁਲ ਕੋਲੋਂ ਲੰਘ ਜਾਵੇ ਤਾਂ ਸਾਹਮਣੇ ਨਜ਼ਾਰਾ ਕੁੱਝ ਅਜਿਹਾ ਹੁੰਦਾ ਹੈ ਕਿ ਜਿਵੇਂ ਦੀਵਾਲੀ ਹੋਵੇ ਕਿਉਂਕਿ ਸਤਲੁਜ ਦਰਿਆ ਵਿਚ ਧੜੱਲੇ ਨਾਲ ਵੱਡੀਆਂ-ਵੱਡੀਆਂ ਮਸ਼ੀਨਾਂ ਖੁਦਾਈ ਕਰ ਰਹੀਆਂ ਹੁੰਦੀਆਂ ਹਨ। ਜਦਕਿ ਰੇਤ ਮਾਫ਼ੀਆ ਦਾ ਖੌਫ਼ ਇੰਨਾ ਕੁ ਹੈ ਕਿ ਵਿਭਾਗੀ ਮੁਲਾਜ਼ਮ ਵੀ ਉਸ ਪਾਸੇ ਰੁਖ਼ ਕਰਨ ਤੋਂ ਕਈ ਵਾਰੀ ਗੁਰੇਜ਼ ਕਰ ਦਿੰਦੇ ਹਨ।ਇਸ ਸਬੰਧੀ ਜਦੋਂ ਸਥਾਨਕ ਐਸ ਡੀ ਐਮ ਰਕੇਸ਼ ਕੁਮਾਰ ਗਰਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਗੰਮਪੁਰ ਵਿਖੇ ਖੁਦਾਈ ਕਰਨਾ ਪੂਰੀ ਤਰ੍ਹਾਂ ਨਾਲ ਗ਼ੈਰਕਾਨੂੰਨੀ ਹੈ। ਇਹੀ ਕਾਰਨ ਹੈ ਕਿ ਅਸੀਨ ਬੀਤੇ ਦਿਨੀਂ ਇਥੇ ਰਾਤ ਨੂੰ ਛਾਪਾ ਮਾਰ ਨਾਜਾਇਜ਼ ਖੁਦਾਈ ਕਰਦੀਆਂ ਮਸ਼ੀਨਾਂ ਕਾਬੂ ਕੀਤੀਆਂ ਸਨ ਅਤੇ ਅੱਧੀ ਦਰਜਨ ਕਰੱਸ਼ਰ ਵੀ ਸੀਲ ਕੀਤੇ ਸਨ। ਇਹੀ ਨਹੀਂ ਅਗੰਮਪੁਰ ਜ਼ੋਨ ਦੇ ਕਰੱਸ਼ਰਾਂ 'ਤੇ ਜਿਹੜਾ ਮਾਲ ਨਿਯਮਾਂ ਤੋਂ ਉਲਟ ਪਾਇਆ ਗਿਆ ਹੈ ਉਸ ਦੀ ਵੀ ਪੜਤਾਲ ਚਲ ਰਹੀ ਹੈ ਅਤੇ ਜਲਦੀ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਪਰਚੇ ਦਰਜ ਕਰਵਾਏ ਜਾਣਗੇ।