
ਫ਼ਰੀਦਕੋਟ, 15 ਮਾਰਚ (ਬੀ.ਐੱਸ. ਢਿੱਲੋਂ): ਸਥਾਨਕ ਸੈਸ਼ਨ ਜੱਜ ਸਤਵਿੰਦਰ ਸਿੰਘ ਨੇ ਅੱਜ ਅਪਣੇ ਇਕ ਹੁਕਮ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁਧ ਚੱਲ ਰਹੀ ਫ਼ੌਜਦਾਰੀ ਅਪੀਲ ਨੂੰ ਰੱਦ ਕਰਨ ਦਾ ਹੁਕਮ ਦਿਤਾ। ਅਦਾਲਤ ਨੇ ਸੁਖਬੀਰ ਬਾਦਲ ਨੂੰ ਫ਼ੌਜਦਾਰੀ ਮਾਮਲੇ 'ਚੋਂ ਬਰੀ ਕਰਨ ਵਾਲੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ। ਸੁਖਬੀਰ ਸਿੰਘ ਬਾਦਲ ਅੱਜ ਫ਼ੈਸਲੇ ਸਮੇਂ ਖ਼ੁਦ ਅਦਾਲਤ ਵਿਚ ਹਾਜ਼ਰ ਸਨ। ਸੁਖਬੀਰ ਬਾਦਲ ਦੀ ਹਾਜ਼ਰੀ ਵਿਚ ਕੁੱਝ ਸਮਾਂ ਬਹਿਸ ਹੋਈ ਅਤੇ ਉਸ ਤੋਂ ਬਾਅਦ ਅਦਾਲਤ ਨੇ ਸੁਖਬੀਰ ਬਾਦਲ ਵਿਰੁਧ ਦਾਇਰ ਹੋਈਆਂ ਅਪੀਲਾਂ ਨੂੰ ਰੱਦ ਕਰਨ ਦਾ ਹੁਕਮ ਦਿਤਾ। ਦਸਣਯੋਗ ਹੈ ਕਿ ਸਿਟੀ ਪੁਲਿਸ ਕੋਟਕਪੂਰਾ ਨੇ 30 ਜੂਨ 2006 ਨੂੰ ਨਰੇਸ਼ ਕੁਮਾਰ ਸਹਿਗਲ ਦੀ ਸ਼ਿਕਾਇਤ ਦੇ ਆਧਾਰ 'ਤੇ ਸੁਖਬੀਰ ਸਿੰਘ ਬਾਦਲ ਵਿਰੁਧ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਸੀ। ਜੁਡੀਸ਼ੀਅਲ ਮੈਜਿਸਟਰੇਟ, ਫ਼ਰੀਦਕੋਟ ਦੀ ਅਦਾਲਤ ਵਿਚ ਸੁਖਬੀਰ ਸਿੰਘ ਬਾਦਲ ਵਿਰੁਧ ਆਈ.ਪੀ.ਸੀ. ਦੀ ਧਾਰਾ 392/323 ਤਹਿਤ ਮੁਕੱਦਮਾ ਚੱਲਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਨੇ 2 ਅਪ੍ਰੈਲ 2016 ਨੂੰ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ 'ਚੋਂ ਬਰੀ ਕਰ ਦਿਤਾ ਸੀ ਅਤੇ ਇਸ ਫ਼ੈਸਲੇ ਵਿਰੁਧ ਸ਼ਿਕਾਇਤਕਰਤਾ ਨੇ ਸ਼ੈਸ਼ਨ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ। ਸ਼ਿਕਾਇਤਕਰਤਾ ਨੇ ਬਹਿਸ ਦੌਰਾਨ ਅਦਾਲਤ ਨੂੰ ਦਸਿਆ ਸੀ ਕਿ ਹੇਠਲੀ ਅਦਾਲਤ ਵਿਚ ਉਸ ਨੂੰ ਅਪਣਾ ਕੇਸ ਸਾਬਤ ਕਰਨ ਲਈ ਪੂਰੇ ਮੌਕੇ ਨਹੀਂ ਮਿਲੇ ਇਸ ਕਰ ਕੇ ਇਸ ਕੇਸ ਨੂੰ ਮੁੜ ਸੁਣਵਾਈ ਲਈ ਹੇਠਲੀ ਅਦਾਲਤ ਵਿਚ
ਰੀਮਾਂਡ ਕੀਤਾ ਜਾਵੇ ਤਾਂ ਜੋ ਉਹ ਕੇਸ ਵਿਚ ਲੋੜੀਂਦੇ ਹੋਰ ਸਬੂਤਾਂ ਤੇ ਤੱਥਾਂ ਨੂੰ ਅਦਾਲਤ ਸਾਹਮਣੇ ਲਿਆ ਸਕੇ।ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਸ਼ਿਕਾਇਤਕਰਤਾ ਨਰੇਸ਼ ਸਹਿਗਲ ਦੀ ਅਪੀਲ ਨੂੰ ਰੱਦ ਕਰ ਦਿਤਾ। ਸੁਖਬੀਰ ਬਾਦਲ ਦੇ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਅਪੀਲ ਦੇ ਨਾਲ-ਨਾਲ ਇਕ ਰਵੀਜ਼ਨ ਵੀ ਦਾਇਰ ਕੀਤੀ ਸੀ ਜਿਸ ਵਿਚ ਸੁਖਬੀਰ ਬਾਦਲ ਦੇ ਨਾਲ ਕੁੱਝ ਹੋਰ ਵਿਅਕਤੀਆਂ ਨੂੰ ਮੁਕੱਦਮੇ ਵਿਚ ਦੋਸ਼ੀ ਨਾਮਜ਼ਦ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਰਵੀਜ਼ਨ ਨੂੰ ਵੀ ਰੱਦ ਕਰ ਦਿਤਾ। ਸੁਖਬੀਰ ਬਾਦਲ ਅਦਾਲਤ ਵਿਚ ਆਮ ਲੋਕਾਂ ਵਾਲੇ ਬੈਂਚਾਂ 'ਤੇ ਬੈਠੇ ਅਤੇ ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ, ਵਿਧਾਇਕ ਅਤੇ ਹੋਰ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ। ਅਪੀਲ ਖ਼ਾਰਜ ਹੋਣ ਤੋਂ ਬਾਅਦ ਅਦਾਲਤ ਨੇ ਸੁਖਬੀਰ ਬਾਦਲ ਨੂੰ ਜ਼ਮਾਨਤ ਭਰਨ ਦਾ ਹੁਕਮ ਦਿਤਾ। ਸੁਖਬੀਰ ਬਾਦਲ ਨੇ ਅਪਣੇ ਜ਼ਮਾਨਤਨਾਮੇ ਵਿਚ ਅਦਾਲਤ ਸਾਹਮਣੇ ਲਿਖਤੀ ਇਕਰਾਰ ਕੀਤਾ ਹੈ ਕਿ ਜੇਕਰ ਅਪੀਲ ਖ਼ਾਰਜ ਕਰਨ ਵਾਲੇ ਫ਼ੈਸਲੇ ਵਿਰੁਧ ਕਿਸੇ ਵੀ ਅਦਾਲਤ ਵਿਚ ਅਪੀਲ ਹੁੰਦੀ ਹੈ ਤਾਂ ਉਹ ਉਥੇ ਹਾਜ਼ਰ ਹੋਣ ਲਈ ਪਾਬੰਦ ਹੋਵੇਗਾ। ਅਕਾਲੀ ਆਗੂ ਬਲਰਾਜ ਸਿੰਘ ਰੁਪਈਆਂ ਵਾਲਾ ਨੇ ਅਦਾਲਤ ਵਿਚ ਸੁਖਬੀਰ ਬਾਦਲ ਦੀ ਜ਼ਮਾਨਤ ਭਰੀ।