
ਬਠਿੰਡਾ, 26 ਦਸੰਬਰ (ਸੁਖਜਿੰਦਰ ਮਾਨ) : ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਸਹਿਤ ਰੋਪੜ ਪਲਾਂਟ ਦੇ ਦੋ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਵਿਰੋਧ ਕਰ ਰਹੇ ਕੱਚੇ ਬਿਜਲੀ ਕਾਮਿਆਂ ਵਲੋਂ ਸ਼ਹਿਰ 'ਚ ਰੋਸ ਮਾਰਚ ਕੱਢਦੇ ਹੋਏ ਸ਼ਹਿਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਥਰਮਲ ਪਲਾਂਟ ਦੇ ਕੱਚੇ ਕਾਮਿਆਂ ਵਲੋਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਯੂਨੀਅਨ ਆਗੂ ਅਸਵਨੀ ਕੁਮਾਰ ਨੇ ਦਸਿਆ ਕਿ ਅੱਜ ਪਿੰਡ ਮਹਿਮਾ ਭਗਵਾਨਾ ਵਿਚ ਇਕ ਟੀਮ ਬਣਾ ਕੇ ਰਾਸ਼ਨ ਇਕੱਤਰ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਲੋਕਾਂ ਨੂੰ ਥਰਮਲ ਬੰਦ ਹੋਣ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਦਸਿਆ ਗਿਆ। ਜਦਕਿ ਦੂਜੀ ਟੀਮ ਨੇ ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹਿਰ ਵਿਚ ਰੋਸ਼ ਮਾਰਚ ਕਰਦੇ ਹੋਏ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।
ਕੱਚੇ ਕਾਮਿਆਂ ਨੇ ਦਾਅਵਾ ਕੀਤਾ ਕਿ ਇਹ ਪਲਾਂਟ ਬੰਦ ਹੋਣ ਕਾਰਨ ਪਹਿਲਾਂ ਹੀ ਜੀਐਸਟੀ ਦੀ ਮਾਰ ਝੱਲ ਰਹੇ ਛੋਟੇ ਵਪਾਰੀਆਂ ਨੂੰ ਬਿਜਲੀ ਵੀ ਮਹਿੰਗੇ ਭਾਅ ਖ਼ਰੀਦਣੀ ਪਏਗੀ, ਕਿਉਂਕਿ ਜਨਤਕ ਖੇਤਰ ਦੇ ਥਰਮਲ ਪਲਾਂਟ ਬੰਦ ਹੋਣ ਨਾਲ ਪ੍ਰਾਈਵੇਟ ਬਿਜਲੀ ਵਪਾਰੀ ਅਪਣੇ ਮਨਮਰਜ਼ੀ ਰੇਟਾਂ ਉਪਰ ਬਿਜਲੀ ਵੇਚਿਆ ਕਰਨਗੇ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵੀ ਸਰਕਾਰ ਇੰਨ੍ਹਾਂ ਪ੍ਰਾਈਵੇਟ ਵਪਾਰੀਆਂ ਤੋਂ ਸੋਲਰ ਬਿਜਲੀ 17 ਰੁਪਏ ਪ੍ਰਤੀ ਯੂਨਿਟ ਖ਼ਰੀਦ ਰਹੀ ਹੈ। ਇਸ ਮੌਕੇ ਇਕਬਾਲ ਸਿੰਘ ਪੂਹਲਾ, ਰਵਿੰਦਰ ਸਿੰਘ, ਸਤਵੀਰ ਸਿੰਘ ਤੇ ਜਸਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਖ਼ਬਰ ਨਾਲ ਸਬੰਧਤ ਫੋਟੋ ਫ਼ੋਟੋ 26 ਬੀਟੀਆਈ 10ਵਿਚ ਹੈ।