
ਬਠਿੰਡਾ, 23 ਜਨਵਰੀ (ਸੁਖਜਿੰਦਰ ਮਾਨ) : ਪਿਛਲੇ 23 ਦਿਨਾਂ ਤੋਂ ਬਠਿੰਡਾ ਥਰਮਲ ਨੂੰ ਬੰਦ ਕਰਨ ਨੂੰ ਲੈ ਕੇ ਸੰਘਰਸ਼ ਦੇ ਰਾਹ 'ਤੇ ਪਏ ਕੱਚੇ ਕਾਮਿਆਂ ਦੀ ਗੱਲ ਨਾ ਸੁਣਨ 'ਤੇ ਅੱਜ ਇੰਨ੍ਹਾਂ ਕਾਮਿਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਰਦੇਂ ਵਿਚ ਮੀਂਹ ਮਿੰਨੀ ਸਕੱਤਰੇਤ ਅੱਗੇ ਸੜਕ ਜਾਮ ਕੀਤੀ। ਉਧਰ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਥਰਮਲ ਦੇ ਕੱਚੇ ਕਾਮਿਆਂ ਦੀ ਅੱਜ ਸੱਦੀ ਮੀਟਿੰਗ ਦੂਜੀ ਵਾਰ ਫ਼ੇਲ ਹੋ ਗਈ। 12 ਜਨਵਰੀ ਨੂੰ ਹੋਈ ਮੀਟਿੰਗ 'ਚ ਪ੍ਰਬੰਧਕਾਂ ਨੇ ਅਸਿੱਧੇ ਢੰਗ ਨਾਲ ਇੰਨ੍ਹਾਂ ਕਾਮਿਆਂ ਨੂੰ ਬਠਿੰਡਾ ਥਰਮਲ ਦੇ ਮੁੜ ਨਾ ਚੱਲ ਸਕਣ ਬਾਰੇ ਅਸਮਰੱਥਾ ਜਤਾਉਂਦਿਆਂ ਵਰਕ ਚਾਰਜ਼ ਰਾਹੀ ਪਾਵਰਕੌਮ 'ਚ ਭਰਤੀ ਕਰਨ ਦਾ ਭਰੋਸਾ ਦਿਵਾਇਆ ਸੀ ਪ੍ਰੰਤੂ ਅੱਜ ਦੀ ਮੀਟਿੰਗ 'ਚ ਇਸ ਤਜਵੀਜ਼ ਨੂੰ ਖ਼ਤਮ ਕਰਦਿਆਂ ਕੱਚੇ ਕਾਮਿਆਂ ਨੂੰ ਪੈਸਕੋ ਰਾਹੀ ਭਰਤੀ ਕਰ ਕੇ ਤਨਖ਼ਾਹਾਂ ਵਧਾਉਣ ਦਾ ਭਰੋਸਾ ਦਿਤਾ ਗਿਆ,
ਜਿਸ ਨੂੰ ਇੰਨ੍ਹਾਂ ਕਾਮਿਆਂ ਨੇ ਸਾਫ਼ ਨਾ ਮੰਨਜੂਰ ਕਰ ਦਿਤਾ। ਕੱਚੇ ਕਾਮਿਆਂ ਨੇ ਮੰਗ ਕੀਤੀ ਕਿ ਪਾਵਰਕੌਮ ਦੇ ਅਧਿਕਾਰੀ ਸੀ.ਐਮ.ਡੀ ਅਤੇ ਵਿਤ ਮੰਤਰੀ ਦੀ ਅਗਵਾਈ 'ਚ ਹੀ ਹੁਣ ਉਨ੍ਹਾਂ ਨਾਲ ਮੀਟਿੰਗ ਬੁਲਾਉਣ। ਮੀਟਿੰਗ ਦਾ ਵਿਸਥਾਰ ਦਸਦਿਆਂ ਮੀਟਿੰਗ 'ਚ ਪਹੁੰਚੇ ਆਗੂ ਰਾਜਿੰਦਰ ਸਿੰਘ ਢਿੱਲੋਂ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ ਪੰਨੂ ਨੇ ਦਸਿਆ ਕਿ ਮੈਨੇਜਮੈਂਟ ਮੀਟਿੰਗ ਵਿਚ ਕੱਚੇ ਕਾਮਿਆਂ ਨੂੰ ਥਰਮਲ 'ਚੋ ਕੱਢ ਕੇ ਪ੍ਰਾਈਵੇਟ ਕੰਪਨੀ ਪੈਸਕੋ ਦੇ ਹਵਾਲੇ ਕਰਨ ਦੀ ਤਜਵੀਜ਼ ਲੈ ਆਈ ਜਿਸ ਨੂੰ ਮੈਨੇਜਮੈਟ ਬੜੀ ਚਤੁਰਾਈ ਨਾਲ ਸਰਕਾਰੀ ਕੰਪਨੀ ਦੱਸ ਰਹੀ ਹੈ।