
ਬਠਿੰਡਾ, 3 ਜਨਵਰੀ (ਸੁਖਜਿੰਦਰ ਮਾਨ) : ਬਠਿੰਡਾ ਥਰਮਲ ਨੂੰ ਬੰਦ ਕਰਨ ਵਿਰੁਧ ਬਿਜਲੀ ਕਾਮਿਆਂ ਦਾ ਸੰਘਰਸ ਦਿਨੋ-ਦਿਨ ਭਖਦਾ ਜਾ ਰਿਹਾ।
ਜੁਆਇੰਟ ਫ਼ੋਰਮ ਪੰਜਾਬ ਦੇ ਸੱਦੇ 'ਤੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਬਿਜਲੀ ਕਾਮਿਆਂ ਵਲੋਂ ਥਰਮਲ ਬੰਦ ਕਰਨ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਸ਼ਹਿਰ ਵਿਚ ਰੋਸ਼ ਮਾਰਚ ਤੋਂ ਬਾਅਦ ਸਥਾਨਕ ਹਨੂੰਮਾਨ ਚੌਕ 'ਚ ਜਾਮ ਲਗਾਇਆ ਗਿਆ। ਹਾਲਾਂਕਿ ਇਸ ਦੇ ਕਾਰਨ ਵੱਡੇ ਪੱਧਰ 'ਤੇ ਟਰੈਫ਼ਿਕ ਵਿਵਸਥਾ ਤਹਿਸ-ਨਹਿਸ ਹੋ ਗਈ ਪ੍ਰੰਤੂ ਸਰਕਾਰ ਦੇ ਫੈਸਲੇ ਵਿਰੁਧ ਆਮ ਲੋਕਾਂ 'ਚ ਵੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਰੋਸ ਵਜੋਂ ਅੱਜ ਇਕ ਕੱਚਾ ਕਾਮਾ ਸਥਾਨਕ ਗੋਲ ਡਿੱਗੀ ਕੋਲ ਪਾਣੀ ਵਾਲੀ ਟੈਂਕੀ ਉਪਰ ਵੀ ਚੜ ਗਿਆ। ਉਧਰ ਪੋਹ ਦੇ ਮਹੀਨੇ 'ਚ ਬੱਚਿਆਂ ਸਹਿਤ ਦਿਨ-ਰਾਤ ਧਰਨੇ 'ਤੇ ਬੈਠੇ ਕੱਚੇ ਮੁਲਾਜਮਾਂ ਦਾ ਗੁੱਸਾ ਵੀ ਦਿਨ-ਬ-ਦਿਨ ਸਰਕਾਰ ਪ੍ਰਤੀ ਵਧਦਾ ਜਾ ਰਿਹਾ। ਥਰਮਲ ਨੂੰ ਬੰਦ ਕਰਨ ਦੇ ਫੈਸਲੇ ਨੂੰ ਰੱਦ ਕਰਵਾਉਣ ਅਤੇ ਅਪਣੀਆਂ ਸੇਵਾਵਾਂ ਬਚਾਉਣ ਤੇ ਰੈਗੂਲਰ ਕਰਵਾਉਣ ਲਈ ਇਹ ਧਰਨਾ ਦਿਨ-ਰਾਤ ਚੱਲ ਰਿਹਾ।
ਠੇਕਾ ਕਾਮਿਆਂ ਦੀ ਜਥੇਬੰਦੀ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਊਹ ਸਰਕਾਰ ਦੇ ਇਸ ਫੈਸਲੇ ਵਿਰੁਧ ਡਟੇ ਰਹਿਣਗੇ, ਬੇਸ਼ੱਕ ਇਸਦੇ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਰਨੀ ਪੈ ਜਾਵੇ। ਉਨ੍ਹਾਂ ਇਸ ਫੈਸਲੇ ਲਈ ਸਥਾਨਕ ਸ਼ਹਿਰ ਦੇ ਐਮ.ਐਲ.ਏ. ਤੇ ਸੂਬੇ ਦੇ ਵਿੱਤ ਮੰਤਰੀ ਸਿਰ ਭਾਂਡਾ ਭੰਨਦਿਆਂ ਕਿਹਾ ਕਿ ਇਹ ਧਰਨਾ ਲੋਕਾਂ ਨੂੰ ਸਰਕਾਰ ਦੇ ਇਰਾਦਿਆਂ ਤੋਂ ਚੌਕਸ ਕਰਵਾਏਗਾ। ਇਸ ਦੌਰਾਨ ਜਾਮ ਦਾ ਪਤਾ ਲੱਗਦੇ ਹੀ ਤਹਿਸੀਲਦਾਰ ਦਰਸ਼ਨ ਸਿੰਘ ਤੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਬਿਜਲੀ ਕਾਮਿਆਂ ਤੋਂ ਮੰਗ ਪੱਤਰ ਲੈ ਕੇ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਜਿਸਤੋਂ ਬਾਅਦ ਇਹ ਜਾਮ ਚੁੱਕ ਲਿਆ ਗਿਆ। ਉਧਰ ਬੀਤੀ ਰਾਤ ਸ਼ਹਿਰ 'ਚ ਠੇਕਾ ਮੁਲਾਜ਼ਮਾਂ ਦੇ ਪਰਿਵਾਰਾਂ ਤੇ ਬੱਚਿਆਂ ਨੇ ਬੱਸ ਸਟੈਂਡ ਤੋ ਮਹਿਣਾ ਚੋਕ ਵਿਚਾਲੇ ਮੁਹੱਲੇ ਅੰਦਰ ਜਾਗੋ ਕੱਢ ਕੇ ਮੁਹੱਲਾ ਨਿਵਾਸੀਆਂ ਨੂੰ ਥਰਮਲ ਬਚਾਉਣ ਵਿਚ ਮੋਰਚੇ ਦੀ ਹਮਾਇਤ ਕਰਨ ਦੀ ਅਪੀਲ ਕੀਤੀ।