
ਲੁਧਿਆਣਾ: ਪਿਛਲੇ ਕੁੱਝ ਸਮੇਂ ਦੌਰਾਨ ਸੂਬੇ ਵਿਚ ਹੋਏ ਹਿੰਦੂ ਨੇਤਾਵਾਂ ਦੇ ਟਾਰਗੈੱਟ ਕਤਲਾਂ ਤੋਂ ਬਾਅਦ ਜਿੱਥੇ ਸੂਬੇ ਭਰ ਦੀ ਪੁਲਿਸ ਵਿਚ ਹੜਕੰਪ ਮਚਿਆ ਹੋਇਆ ਹੈ, ਉਥੇ ਹੀ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਹਿੰਦੂ ਨੇਤਾਵਾਂ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਵੇਂ ਕਿ ਪੁਲਿਸ ਨੇ ਇਨ੍ਹਾਂ ਕਤਲਾਂ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ ਪਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਹੋ ਰਹੇ ਖ਼ੁਲਾਸੇ ਹੋਰ ਵੀ ਹੈਰਾਨੀਜਨਕ ਹਨ। ਇਨ੍ਹਾਂ ਖੁ਼ਲਾਸਿਆਂ ਵਿਚ ਸਾਹਮਣੇ ਆਇਆ ਹੈ ਕਿ ਸੂਬੇ ਦੇ ਕਈ ਹੋਰ ਹਿੰਦੂ ਨੇਤਾ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ।
ਇਸ ਦੇ ਚਲਦੇ ਪੁਲਿਸ ਵਿਭਾਗ ਨੇ ਬਹੁਤ ਸਾਰੇ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਅਤੇ ਬਹੁਤ ਸਾਰਿਆਂ ਦੇ ਨਾਂਵਾਂ ‘ਤੇ ਗੌਰ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਕੁੱਝ ਕਥਿਤ ਹਿੰਦੂ ਨੇਤਾਵਾਂ ਵੱਲੋਂ ਗੰਨਮੈਨ ਲੈਣ ਦੇ ਚੱਕਰ ‘ਚ ਖੁਦ ‘ਤੇ ਹਮਲਾ ਕਰਵਾਉਣ ਦੀ ਸਾਜ਼ਿਸ਼ ਰਚੀ ਗਈ, ਜਿਸ ਦਾ ਜਾਂਚ ਦੌਰਾਨ ਖ਼ੁਲਾਸਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਦੀ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਵਾਈ ਮੱਠੀ ਪੈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਖਮਿਆਜ਼ਾ ਕੀ ਹਾਈਥਰੈੱਟ ‘ਤੇ ਚੱਲ ਰਹੇ ਬਾਕੀ ਸਰਗਰਮ ਹਿੰਦੂ ਨੇਤਾਵਾਂ ਨੂੰ ਭੁਗਤਣਾ ਪਵੇਗਾ?
ਇਸ ‘ਚ ਕੋਈ ਦੁਚਿੱਤੀ ਨਹੀਂ ਹੈ ਕਿ ਕੁਝ ਕਥਿਤ ਹਿੰਦੂ ਨੇਤਾਵਾਂ ਵੱਲੋਂ ਖੁਦ ‘ਤੇ ਹਮਲਾ ਕਰਵਾ ਕੇ ਸੁਰੱਖਿਆ ਲੈਣ ਸਬੰਧੀ ਰਚੀ ਸਾਜ਼ਿਸ਼ ਪੂਰੇ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਸੀ ਪਰ ਉਸਦਾ ਖਮਿਆਜ਼ਾ ਗਰਮਖਿਆਲੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਨਿਸ਼ਾਨੇ ‘ਤੇ ਚੱਲ ਰਹੇ ਉਨ੍ਹਾਂ ਹਿੰਦੂ ਨੇਤਾਵਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਕਿ ਲਗਾਤਾਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਦੀ ਪੁਸ਼ਟੀ ਖ਼ੁਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਕਰ ਰਹੇ ਹਨ।
ਸੂਬੇ ‘ਚ ਇਕ ਦੇ ਬਾਅਦ ਇਕ ਕਰ ਕੇ ਹੋਏ ਹਿੰਦੂ ਨੇਤਾਵਾਂ ਦੇ ਕਤਲਾਂ ‘ਚ ਸ਼ਾਮਲ ਮੁੱਖ ਕਾਤਲਾਂ, ਉਨ੍ਹਾਂ ਨੂੰ ਆਰਥਿਕ ਮਦਦ ਅਤੇ ਹਥਿਆਰ ਤੱਕ ਮੁਹੱਈਆ ਕਰਵਾਉਣ ਵਾਲਿਆਂ ਦੀ ਗ੍ਰਿਫ਼ਤਾਰੀ ਉਪਰੰਤ ਹੋਈ ਪੁੱਛਗਿੱਛ ‘ਚ ਕਈ ਸਰਗਰਮ ਹਿੰਦੂ ਨੇਤਾਵਾਂ ਦੇ ਨਾਂ ਸਾਹਮਣੇ ਆਏ ਹਨ, ਜੋ ਲਗਾਤਾਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ, ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ‘ਚ ਹੋ ਰਹੀ ਦੇਰੀ ਹੈਰਾਨੀਜਨਕ ਹੈ। ਇਸ ਤੋਂ ਇੰਝ ਜਾਪਦਾ ਕਿ ਜਿਵੇਂ ਪੰਜਾਬ ਪੁਲਿਸ ਕਿਸੇ ਹੋਰ ਵਾਰਦਾਤ ਦੀ ਉਡੀਕ ਕਰ ਰਹੀ ਹੋਵੇ।
ਸੂਤਰਾਂ ਦੀ ਮੰਨੀਏ ਤਾਂ ਜੇਕਰ ਕਾਤਲ ਸ਼ੇਰਾ ਅਤੇ ਰਮਨਦੀਪ ਫੜੇ ਨਾ ਜਾਂਦੇ ਤਾਂ ਉਨ੍ਹਾਂ ਨੂੰ ਮਿਲਣ ਵਾਲੇ ਅਗਲੇ ਟਾਸਕ ‘ਚ ਮਹਾਨਗਰ ਦੇ ਧਾਰਮਿਕ ਹੋਰ ਹਿੰਦੂ ਨੇਤਾ ਹੋਣ ਵਾਲੇ ਸਨ। ਕਾਤਲਾਂ ਵੱਲੋਂ ਅਗਲੇ ਹਿੰਦੂ ਨੇਤਾਵਾਂ ਦੇ ਨਾਂ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਵੱਲੋਂ ਸਮੇਂ-ਸਮੇਂ ‘ਤੇ ਰਾਜ ਸਰਕਾਰ ਨੂੰ ਦਿੱਤੀ ਜਾ ਰਹੀ ਇਨਪੁੱਟ ਇਸ ਗੱਲ ਦੀ ਗਵਾਹ ਹੈ ਕਿ ਇਹ ਕਤਲਾਂ ਦਾ ਸਿਲਸਿਲਾ ਇੱਥੇ ਹੀ ਰੁਕਣ ਵਾਲਾ ਨਹੀਂ ਸੀ।
ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਤੇ ਪੁਲਿਸ ਅੱਤਵਾਦੀਆਂ ਦੀ ਹਿਟ ਲਿਸਟ ‘ਚ ਸ਼ਾਮਲ ਹਿੰਦੂ ਨੇਤਾਵਾਂ ਦੇ ਨਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਦਿਲਚਸਪੀ ਦਿਖਾਉਂਦੀ ਨਜ਼ਰ ਨਹੀਂ ਆ ਰਹੀ ਹੈ। ਇੱਥੋਂ ਤੱਕ ਕਿ ਜਿਨ੍ਹਾਂ ਨੇਤਾਵਾਂ ਨੂੰ ਖ਼ੁਦ ਪੁਲਿਸ ਅਧਿਕਾਰੀ ਸੁਚੇਤ ਰਹਿਣ ਦੀ ਚਿਤਾਵਨੀ ਦਿੰਦੇ ਰਹੇ, ਉਨ੍ਹਾਂ ਦੇ ਨਾਂਅ ਵੀ ਸੁਰੱਖਿਆ ਨੂੰ ਲੈ ਕੇ ਵਿਚਾਰਧੀਨ ਹਨ।
ਪੁਲਿਸ ਦੇ ਕਹਿਰ ਦਾ ਸ਼ਿਕਾਰ ਹੋ ਕੇ ਆਪਣਾ ਸਭ ਕੁਝ ਗਵਾ ਚੁੱਕੇ ਇੱਕ ਹਿੰਦੂ ਨੇਤਾ ਜਿਸ ‘ਤੇ ਖੁਦ ‘ਤੇ ਹਮਲਾ ਕਰਵਾਉਣ ਦੇ ਦੋਸ਼ ਲੱਗੇ ਸਨ। ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਨੇ ਸੱਚਾਈ ਤੋਂ ਉਲਟ ਸਬੂਤ ਦਿਖਾ ਕੇ ਆਪਣੀ ਪਿੱਠ ਥਪਥਪਾਈ ਸੀ ਪਰ ਹੁਣ ਫੜੇ ਗਏ ਕਾਤਲਾਂ ਵੱਲੋਂ ਉਸ ਨੇਤਾ ‘ਤੇ ਵੀ ਗੋਲੀ ਚਲਾਉਣ ਦੀ ਗੱਲ ਸਵੀਕਾਰ ਕਰ ਲੈਣ ਦੇ ਬਾਵਜੂਦ ਉਸ ਨੂੰ ਹੁਣ ਤੱਕ ਸੁਰੱਖਿਆ ਕਰਮਚਾਰੀ ਮੁਹੱਈਆ ਨਹੀਂ ਕਰਵਾਏ ਗਏ।
ਭਾਵੇਂ ਕਿ ਪੁਲਿਸ ਨੇ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿਚ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹੁਣ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੇ ਹੱਥ ਆ ਗਈ ਹੈ। ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਮਾਮਲੇ ਦੇ ਤਾਰ ਹੋਰ ਵੀ ਕਈ ਥਾਵਾਂ ‘ਤੇ ਜੁੜੇ ਹੋਏ ਹਨ, ਜਿਨ੍ਹਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਬੀਤੇ ਦਿਨ ਲੁਧਿਆਣਾ ਦੇ ਆਰਐੱਸਐੱਸ ਨੇਤਾ ਰਵਿੰਦਰ ਗੋਸਾਈਂ ਦੇ ਕਤਲ ਮਾਮਲੇ ਵਿਚ ਐੱਨਆਈਏ ਦੀ ਟੀਮ ਨੇ ਗਾਜ਼ੀਆਬਾਦ ਵਿਚ ਛਾਪੇਮਾਰੀ ਕੀਤੀ, ਜਿੱਥੇ ਟੀਮ ‘ਤੇ ਕੁਝ ਗੈਂਗਸਟਰਾਂ ਨੇ ਹਮਲਾ ਕਰ ਦਿੱਤਾ ਸੀ।
ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਮਾਮਲੇ ਨਾਲ ਜੁੜੇ ਬਹੁਤ ਸਾਰੇ ਮੁਲਜ਼ਮ ਅਜੇ ਪੁਲਿਸ ਦੀ ਪਕੜ ਤੋਂ ਦੂਰ ਹਨ। ਜਿਸ ਦੇ ਚਲਦੇ ਹਿੰਦੂ ਨੇਤਾਵਾਂ ‘ਤੇ ਹਮਲਿਆਂ ਦਾ ਡਰ ਹਾਲੇ ਟਲਿਆ ਨਹੀਂ ਹੈ ਪਰ ਪੁਲਿਸ ਵੱਲੋਂ ਫਿਰ ਵੀ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਦੇਣ ਵਿਚ ਹੋ ਰਹੀ ਦੇਰੀ ਹੈਰਾਨ ਕਰਨ ਵਾਲੀ ਹੈ। ਇਸ ਨੂੰ ਲੈ ਕੇ ਹਿੰਦੂ ਸੰਗਠਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।