
ਅੰਮ੍ਰਿਤਸਰ, 7 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਵਜ਼ਾਰਤ ਵਿਚ ਵਾਧਾ ਨਿਗਮ ਤੇ ਗੁਜਰਾਤ ਚੋਣਾਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ 'ਚ ਉਪ ਮੁੱਖ ਮੰਤਰੀ ਬਣਾਉਣ ਦੀ ਕੋਈ ਰਵਾਇਤ ਨਹੀਂ ਹੈ। ਕੈਪਟਨ ਨੇ ਕਿਹਾ ਕਿ ਕਿਸਾਨੀ ਕਰਜ਼ਾ ਮਾਫ਼ੀ ਤੇ ਸਮਾਰਟ ਫ਼ੋਨ ਦੇਣ ਦਾ ਕੰਮ ਨਿਗਮ ਚੋਣਾਂ ਬਾਅਦ ਤੁਰਤ ਸ਼ੁਰੂ ਕੀਤਾ ਜਾਵੇਗਾ। ਕੈਪਟਨ ਮੁਤਾਬਕ ਰਾਹੁਲ ਗਾਂਧੀ ਦੀ ਬਤੌਰ ਕਾਂਗਰਸ ਪ੍ਰਧਾਨ ਚੋਣ ਪਾਰਟੀ ਵਿਚ ਵੱਡਾ ਉਤਸ਼ਾਹ ਭਰੇਗੀ। ਪੰਜਾਬ ਵਿਚ ਕੱਟੜਪੰਥੀਆਂ ਵਲੋਂ ਹਾਲ ਹੀ ਵਿਚ ਕੀਤੀਆਂ ਕਾਰਵਾਈਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਏਜੰੰਸੀਆਂ ਨਾਲ ਇਸ ਮੁੱਦੇ ਨੂੰ ਨਜਿੱਠ ਰਹੀ ਹੈ ਜਿਸ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਕੈਨੇਡਾ, ਅਮਰੀਕਾ ਬਰਤਾਨੀਆ ਅਤੇ ਜਰਮਨੀ ਰਸਤੇ ਪੰਜਾਬ ਵਿਚ ਖ਼ਲਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਲਾਂ ਵਿਚੋਂ ਗੈਂਗਸਟਰਾਂ ਵਲੋਂ ਮੋਬਾਈਲ ਫ਼ੋਨ ਆਦਿ ਵਰਤੇ ਜਾਣ ਬਾਰੇ ਕੈਪਟਨ ਨੇ ਕਿਹਾ ਕਿ ਇਸ ਕੰਮ ਲਈ ਜੇਲਾਂ ਵਿਚ ਵਿਸ਼ੇਸ਼ ਜੈਮਰ ਲਾਏ ਜਾ ਰਹੇ ਹਨ। ਅੱਜ ਇਥੇ ਪੰਜਾਬ ਦੇ ਸ਼ਹਿਰੀ ਵਿਕਾਸ ਲਈ ਪਾਰਟੀ ਦੀ ਯੋਜਨਾਬੰਦੀ ਸਬੰਧੀ ਦਸਤਾਵੇਜ਼ ਜਾਰੀ ਕਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਕਾਂਗਰਸ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਹੋਈ ਹੈ।
ਸ਼ਹਿਰੀ ਵਿਕਾਸ ਨੂੰ ਲੈ ਕੇ ਪਾਰਟੀ ਦੇ ਦ੍ਰਿਸ਼ਟੀਕੌਣ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 8 ਮਹੀਨਿਆਂ ਵਿਚ ਸਾਰੇ ਵਾਅਦੇ ਪੂਰੇ ਕਰਨੇ ਸੰਭਵ ਹਨ। ਇਸ ਦਾ ਕਾਰਨ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਬੇਨਿਯਮੀਆਂ ਅਤੇ ਲੀਹੋਂ ਲੱਥੀ ਅਰਥ ਵਿਵਸਥਾ ਨੂੰ ਦਸਦੇ ਹੋਏ ਕਿਹਾ ਕਿ ਪੰਜਾਬ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ। ਪਿਛਲੇ ਸਮੇਂ 'ਚ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਸਨ ਜਿਸ ਕਾਰਨ ਕਰਮਚਾਰੀਆਂ ਦਾ ਵੇਤਨ ਵੀ ਇਕ ਹਫ਼ਤਾ ਲੇਟ ਹੋ ਗਿਆ ਸੀ। ਜੀ.ਐਸ.ਟੀ ਦੇ ਮੁੱਦੇ 'ਤੇ ਕੈਪਟਨ ਨੇ ਕਿਹਾ ਕਿ ਇਸ ਵਿਚ ਵੱਡੀ ਸਮੱਸਿਆ ਲਾਗੂ ਕਰਨ ਦੀ ਆ ਰਹੀ ਹੈ ਜੋ ਕਿ ਕਾਹਲੀ ਵਿਚ ਲਿਆਂਦਾ ਗਿਆ ਹੈ। ਇਸ ਮੌਕੇ ਸੁਖਬਿੰਦਰ ਸਿੰਘ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਓ.ਪੀ. ਸੋਨੀ, ਡਾ: ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਤਰਸੇਮ ਸਿੰਘ ਡੀ.ਸੀ., ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਭਗਵੰਤਪਾਲ ਸਿੰਘ ਸੱਚਰ ਜਿਲ੍ਹਾ ਪ੍ਰਧਾਨ ਦਿਹਾਤੀ, ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਅਤੇ ਮੁੱਖ ਮੰਤਰੀ ਦੇ ਓ ਐਸ ਡੀ ਸੰਦੀਪ ਸਿੰਘ ਬਾਵਾ ਸੰਧੂ ਮੌਜੂਦ ਸਨ।