
ਬਠਿੰਡਾ, 31 ਜੁਲਾਈ (ਸੁਖਜਿੰਦਰ ਮਾਨ) : ਪਿੰਡ ਸੰਗਤ ਕਲਾਂ ਵਿਖੇ ਸਥਿਤ ਬਠਿੰਡਾ ਕੈਮੀਕਲ ਲਿਮਟਡ ਸ਼ਰਾਬ ਫ਼ੈਕਟਰੀ 'ਚ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਛਾਪਾ ਮਾਰ ਕੇ ਜਾਂਚ ਪੜਤਾਲ ਕੀਤੀ। ਕਲ ਇਸ ਫ਼ੈਕਟਰੀ 'ਚ ਤਿਆਰ ਹੋਏ ਸਪਿਰਿਟ ਨੂੰ ਲਿਜਾ ਰਹੇ ਕੈਂਟਰ ਡਰਾਈਵਰਾਂ ਵਲੋਂ ਰਸਤੇ ਵਿਚ ਇਸ ਸਪਿਰਿਟ ਨੂੰ ਕਢਦੇ ਹੋਏ ਮੋਗਾ ਪੁਲਿਸ ਨੇ ਦੋ ਟੈਂਕਰ ਡਰਾਈਵਰਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਸੀ।
ਬਠਿੰਡਾ, 31 ਜੁਲਾਈ (ਸੁਖਜਿੰਦਰ ਮਾਨ) : ਪਿੰਡ ਸੰਗਤ ਕਲਾਂ ਵਿਖੇ ਸਥਿਤ ਬਠਿੰਡਾ ਕੈਮੀਕਲ ਲਿਮਟਡ ਸ਼ਰਾਬ ਫ਼ੈਕਟਰੀ 'ਚ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਛਾਪਾ ਮਾਰ ਕੇ ਜਾਂਚ ਪੜਤਾਲ ਕੀਤੀ। ਕਲ ਇਸ ਫ਼ੈਕਟਰੀ 'ਚ ਤਿਆਰ ਹੋਏ ਸਪਿਰਿਟ ਨੂੰ ਲਿਜਾ ਰਹੇ ਕੈਂਟਰ ਡਰਾਈਵਰਾਂ ਵਲੋਂ ਰਸਤੇ ਵਿਚ ਇਸ ਸਪਿਰਿਟ ਨੂੰ ਕਢਦੇ ਹੋਏ ਮੋਗਾ ਪੁਲਿਸ ਨੇ ਦੋ ਟੈਂਕਰ ਡਰਾਈਵਰਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਸੀ। ਥਾਣਾ ਧਰਮਕੋਟ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਟੈਂਕਰਾਂ ਨੂੰ ਅਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਅਪਣੇ ਪੱਧਰ 'ਤੇ ਅਗਲੇਰੀ ਜਾਂਚ ਸ਼ੁਰੂ ਕੀਤੀ ਹੋਈ ਹੈ।
ਵਿਭਾਗੀ ਅਧਿਕਾਰੀਆਂ ਨੇ ਇਸ ਕਾਰਵਾਈ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸੀਲਬੰਦ ਕੰਟੇਨਰਾਂ ਦੀ ਸੀਲ ਤੋੜਨ ਤੋਂ ਬਾਅਦ ਦੁਬਾਰਾ ਇਸ ਦੀਆਂ ਸੀਲਾਂ ਲਵਾਉਣੀਆਂ ਕਾਫ਼ੀ ਸ਼ੱਕੀ ਮਾਮਲਾ ਜਾਪਦਾ ਹੈ। ਉਧਰ, ਉੱਚ ਗੁਣਵੱਤਾ ਵਾਲੇ ਸਪਿਰਿਟ ਦੀ ਇਸ ਤਰ੍ਹਾਂ ਚੋਰੀ ਹੋਣ ਦਾ ਪਤਾ ਚਲਦਿਆਂ ਹੀ ਐਕਸਾਈਜ਼ ਵਿਭਾਗ ਵਿਚ ਖਲਬਲੀ ਮੱਚ ਗਈ। ਅਧਿਕਾਰੀਆਂ ਮੁਤਾਬਕ ਸਪਿਰਿਟ ਨਾਲ ਭਰੇ ਟੈਂਕਰ ਲੁਧਿਆਣਾ ਦੀ ਖ਼ੁਸ਼ਕ ਬੰਦਰਗਾਹ ਤੋਂ ਅਫ਼ਰੀਕੀ ਦੇਸ਼ ਯੁਗਾਂਡਾ ਨੂੰ ਜਾਣੇ ਸਨ। ਐਕਸਾਈਜ਼ ਵਿਭਾਗ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਕੰਟੇਨਰ ਵਿਚੋਂ ਚੋਰੀ ਕਰ ਕੇ ਤਸਕਰੀ ਕੀਤੇ ਜਾ ਰਹੇ ਸਪਿਰਿਟ ਦੀ ਮਦਦ ਨਾਲ ਸੂਬੇ ਵਿਚ ਨਕਲੀ ਦੇਸੀ ਸ਼ਰਾਬ ਤਿਆਰ ਕਰਨ ਦਾ ਧੰਦਾ ਕੀਤਾ ਜਾ ਰਿਹਾ ਹੈ। ਅੱਜ ਫ਼ੈਕਟਰੀ ਦੀ ਪੜਤਾਲ ਲਈ ਪਟਿਆਲਾ ਤੋਂ ਡਿਪਟੀ ਐਕਸਾਈਜ਼ ਐਂਡ ਟੈਕਸਟੇਸ਼ਨ ਕਮਿਸ਼ਨਰ (ਡਿਸਟਲਰੀ) ਨਰੇਸ਼ ਦੁਬੇ ਅਤੇ ਫ਼ਰੀਦਕੋਟ ਮੰਡਲ ਦੇ ਡਿਪਟੀ ਐਕਸਾਈਜ਼ ਐਂਡ ਟੈਕਸਟੇਸ਼ਨ ਕਮਿਸ਼ਨਰ (ਕਰ ਤੇ ਆਬਕਾਰੀ) ਜੀਐਸ ਸੰਧੂ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗ ਦੀ ਵੱਡੀ ਟੀਮ ਵਲੋਂ ਇਸ ਫ਼ੈਕਟਰੀ ਦੀ ਚੈਕਿੰਗ ਕੀਤੀ ਗਈ।
ਅਧਿਕਾਰੀਆਂ ਮੁਤਾਬਕ ਇਸ ਫ਼ੈਕਟਰੀ ਵਲੋਂ ਹੁਣ ਤਕ ਤਿਆਰ ਕੀਤੀ ਗਈ ਸ਼ਰਾਬ, ਉਸ ਦੀ ਵਿਕਰੀ ਅਤੇ ਬਾਕਾਇਆ ਪਏ ਸਟਾਕ ਤੋਂ ਇਲਾਵਾ ਫ਼ੈਕਟਰੀ ਵਿਚ ਤਿਆਰ ਹੁੰਦੇ ਸਪਿਰਿਟ, ਇਸ ਦੀ ਵਿਕਰੀ ਅਤੇ ਬਕਾਇਆ ਸਟਾਕ ਤੋਂ ਇਲਾਵਾ ਫ਼ੈਕਟਰੀ ਵਿਚ ਬਣਦੇ ਹੋਲੋਗ੍ਰਾਮ ਦੇ ਰੀਕਾਰਡ ਦੀ ਵੀ ਪੜਤਾਲ ਕੀਤੀ ਗਈ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਫ਼ੈਕਟਰੀ ਦਾ ਰੀਕਾਰਡ ਅਪਣੇ ਕਬਜ਼ੇ ਵਿਚ ਲੈ ਲਿਆ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ 'ਤੇ ਪਾਏ ਗਏ ਸਟਾਕ ਤੋਂ ਇਲਾਵਾ ਵਿਕਰੀ, ਬਿਲਾਂ ਆਦਿ ਦਾ ਮਿਲਾਣ ਕਰਨ ਤੋਂ ਬਾਅਦ ਹੀ ਫ਼ੈਕਟਰੀ ਦੀ ਭੂਮਿਕਾ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਇਹ ਫ਼ੈਕਟਰੀ ਉਘੇ ਉਦਯੋਗਪਤੀ ਰਜਿੰਦਰ ਮਿੱਤਲ ਦੀ ਹੈ ਜਿਸ ਦਾ ਰੀਅਲ ਅਸਟੇਟ ਦਾ ਵੀ ਵੱਡਾ ਕਾਰੋਬਾਰ ਹੈ। ਮਿੱਤਲ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਕਾਂਗਰਸ ਦੇ ਕੁੱਝ ਵੱਡੇ ਨੇਤਾਵਾਂ ਨਾਲ ਵੀ ਚੰਗੇ ਸਬੰਧ ਹਨ।