ਨਵੀਆਂ ਨਿਯੁਕਤੀਆਂ ਵਿਚ ਪੰਜ ਔਰਤਾਂ ਦੇ ਨਾਮ ਵੀ ਸ਼ਾਮਲ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ 9 ਨਿਆਂਇਕ ਅਧਿਕਾਰੀਆਂ ਅਤੇ ਇੱਕ ਵਕੀਲ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ।
ਇਨ੍ਹਾਂ ਨਿਯੁਕਤੀਆਂ ਵਿੱਚ ਪੰਜ ਔਰਤਾਂ ਦੇ ਨਾਮ ਵੀ ਸ਼ਾਮਲ ਹਨ। ਵਧੀਕ ਜੱਜਾਂ ਵਜੋਂ ਨਿਯੁਕਤ ਕੀਤੇ ਗਏ ਵਕੀਲ ਅਤੇ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਕੁਲਦੀਪ ਤਿਵਾੜੀ ਅਤੇ ਨਿਆਂਇਕ ਅਧਿਕਾਰੀ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਵਿਕਰਮ ਅਗਰਵਾਲ ਸ਼ਾਮਲ ਹਨ।
ਬੇਰੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਹਨ। ਅਧਿਕਾਰੀਆਂ ਅਨੁਸਾਰ ਇਨ੍ਹਾਂ ਨਿਯੁਕਤੀਆਂ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ 66 ਹੋ ਗਈ ਹੈ, ਜੋ ਕਿ ਇਸ ਦੀ ਸਥਾਪਨਾ ਤੋਂ ਬਾਅਦ ਸਭ ਤੋਂ ਵੱਧ ਹੈ। ਹਾਈ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਗਿਣਤੀ 85 ਹੈ।