ਜ਼ਿੰਬਾਬਵੇ ’ਚ ਸੋਨੇ, ਹੀਰੇ ਅਤੇ ਕੋਲੇ ਦੀਆਂ ਵਿਸ਼ਾਲ ਖਾਣਾਂ ਦੀ ਕੰਪਨੀ ਰੀਓਜਿਮ ਦੇ ਮਾਲਕ ਸਨ ਹਰਪਾਲ ਰੰਧਾਵਾ
ਹਰਾਰੇ: ਜ਼ਿੰਬਾਬਵੇ ’ਚ ਸੋਨੇ, ਹੀਰੇ ਅਤੇ ਕੋਲੇ ਦੀ ਕੰਪਨੀ ਰੀਓਜਿਮ ਦੇ ਮਾਲਕ ਭਾਰਤੀ ਅਰਬਪਤੀ ਅਤੇ ਉਨ੍ਹਾਂ ਦੇ ਪੁੱਤਰ ਸਮੇਤ ਛੇ ਵਿਅਕਤੀਆਂ ਦੀ ਇਕ ਜਹਾਜ਼ ਹਾਦਸੇ ’ਚ ਮੌਤ ਹੋ ਗਈ ਹੈ। ਹਾਦਸਾ ਜ਼ਿੰਬਾਬਵੇ ਦੇ ਮਾਸ਼ਾਵਾ ’ਚ ਜ਼ਵਾਮਾਹਾਂਡੇ ਇਲਾਕੇ ’ਚ 29 ਸਤੰਬਰ ਨੂੰ ਵਾਪਰਿਆ ਜਦੋਂ ਉਹ ਰਾਜਧਾਨੀ ਹਰਾਰੇ ਤੋਂ ਹੀਰਿਆਂ ਦੀ ਖਾਣ ਵਾਲੇ ਇਲਾਕੇ ਮੁਰੋਵਾ ਜਾ ਰਹੇ ਹਨ।
ਪੁਲਿਸ ਨੇ ਦਸਿਆ ਕਿ ਮ੍ਰਿਤਕਾਂ ’ਚ ਚਾਰ ਵਿਦੇਸ਼ੀ ਅਤੇ ਦੋ ਜ਼ਿੰਬਾਬਵੇ ਦੇ ਵਾਸੀ ਸਨ। ਹਾਦਸਾ ਜਹਾਜ਼ ’ਚ ਪਏ ਕਿਸੇ ਮਕੈਨੀਕਲ ਨੁਕਸ ਕਾਰਨ ਵਾਪਰਿਆ ਹੋਣ ਦਾ ਸ਼ੱਕ ਹੈ। ਪੁਲਿਸ ਨੇ ਕਿਹਾ ਕਿ ਚਿੱਟੇ ਅਤੇ ਲਾਲ ਰੰਗ ਦਾ ਜਹਾਜ਼ ਸਵੇਰੇ 6 ਵਜੇ ਹਰਾਰੇ ਤੋਂ ਰਵਾਨਾ ਹੋਇਆ ਸੀ ਅਤੇ ਮਾਸ਼ਾਵਾ ਤੋਂ ਲਗਭਗ 6 ਕਿਲੋਮੀਟਰ ਦੂਰ ਹਾਦਸੇ ਦਾ ਸ਼ਿਕਾਰ ਹੋ ਗਿਆ।
ਰਿਓਜ਼ਿਮ, ਜੋ ਪਹਿਲਾਂ ਬ੍ਰਿਟਿਸ਼-ਆਸਟ੍ਰੇਲੀਅਨ ਮਾਈਨਿੰਗ ਗਰੁੱਪ ਰੀਓ ਟਿੰਟੋ ਦਾ ਹਿੱਸਾ ਸੀ, ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਹੋਰ ਜਾਣਕਾਰੀ ਇਕੱਠੀ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਜ਼ਿੰਬਾਬਵੇ ਰਿਪਬਲਿਕ ਪੁਲਿਸ ਦੇ ਬੁਲਾਰੇ ਸਹਾਇਕ ਕਮਿਸ਼ਨਰ ਪਾਲ ਨਿਆਥੀ ਨੇ ਸਥਾਨਕ ਮੀਡੀਆ ਨੂੰ ਦਸਿਆ ਕਿ ਉਹ ਅਜੇ ਵੀ ਵਾਧੂ ਵੇਰਵੇ ਇਕੱਠੇ ਕਰਨ ਦੀ ਪ੍ਰਕਿਰਿਆ ’ਚ ਹਨ।
ਰੰਧਾਵਾ 4 ਅਰਬ ਡਾਲਰ ਦੀ ਪ੍ਰਾਈਵੇਟ ਇਕੁਇਟੀ ਫਰਮ ਜੀ.ਈ.ਐਮ. ਹੋਲਡਿੰਗਜ਼ ਦੇ ਸੰਸਥਾਪਕ ਵੀ ਹਨ। ਪੱਤਰਕਾਰ ਅਤੇ ਫਿਲਮ ਨਿਰਮਾਤਾ ਹੋਪਵੈਲ ਚਿਨਨੋ ਨੇ ਕਿਹਾ ਕਿ ਉਹ ਰੰਧਾਵਾ ਦੇ ਦੇਹਾਂਤ ਨਾਲ ‘ਬਹੁਤ ਦੁਖੀ’ ਹਨ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਨ੍ਹਾਂ ਲਿਖਿਆ, ‘‘ਉਹ ਜਿੰਨੇ ਅਮੀਰ ਸਨ ਓਨੇ ਹੀ ਨਰਮ ਅਤੇ ਉਦਾਰ ਸੁਭਾਅ ਦੇ ਮਾਲਕ ਸਨ। ਉਨ੍ਹਾਂ ਕਾਰਨ ਹੀ ਮੈਨੂੰ ਵਪਾਰਕ, ਕੂਟਨੀਤਕ ਅਤੇ ਰਾਜਨੀਤਿਕ ਸੰਸਾਰ ’ਚ ਬਹੁਤ ਸਾਰੇ ਅਸਰਦਾਰ ਲੋਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ।’’ ਚਿਨੋਨੋ ਦੀ ਰੰਧਾਵਾ ਨਾਲ ਮੁਲਾਕਾਤ ਇਕ ਦੋਸਤ ਰਾਹੀਂ 2017 ’ਚ ਹੋਈ ਸੀ। ਉਨ੍ਹਾਂ ਕਿਹਾ, ‘‘ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਜ਼ਿੰਬਾਬਵੇ ਲਈ ਤੁਹਾਡੇ ਕੀਤੇ ਕੰਮ ਅਤੇ ਪਿਆਰ ਤੁਹਾਡੀ ਸਥਾਈ ਵਿਰਾਸਤ ਹੋਵੇਗੀ।’’