ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪਰਤੀ ਸੀ ਪੰਜਾਬ
ਕਪੂਰਥਲਾ (ਗੁਰਦੇਵ ਸਿੰਘ/ਇੰਦਰਜੀਤ ਚਾਹਲ) : ਕਪੂਰਥਲਾ ਸ਼ਹਿਰ ਦੇ ਸੀਨਪੁਰਾ ਭੀੜ-ਭਾੜ ਵਾਲੇ ਇਲਾਕੇ ਵਿਚ ਇਕ 40 ਸਾਲਾ ਔਰਤ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਮ੍ਰਿਤਕ ਔਰਤ, ਜਿਸ ਦੀ ਪਛਾਣ ਹੇਮਪ੍ਰੀਤ ਕੌਰ ਉਰਫ਼ ਹੇਮਾ ਵਜੋਂ ਹੋਈ ਹੈ, ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਈ ਸੀ।
ਜਾਣਕਾਰੀ ਅਨੁਸਾਰ, ਦੁਪਹਿਰ ਸਮੇਂ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ, ਘਰ ਵਿਚ ਦਾਖ਼ਲ ਹੋ ਕੇ ਹੇਮਪ੍ਰੀਤ ਕੌਰ ਨੂੰ ਗੋਲੀ ਮਾਰ ਦਿਤੀ। ਘਰ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੇ ਦਸਿਆ ਕਿ ਕੁਝ ਆਦਮੀ ਜ਼ਬਰਦਸਤੀ ਘਰ ਵਿਚ ਦਾਖ਼ਲ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾ ਦਿਤੀਆਂ।
ਪੁਲਿਸ ਅਨੁਸਾਰ, ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਇਕ ਹੇਮਾ ਨੂੰ ਲੱਗੀ ਅਤੇ ਤਿੰਨ ਹਵਾ ਵਿਚ ਚਲਾਈਆਂ ਗਈਆਂ। ਡੀਐਸਪੀ ਸਬ ਡਿਵੀਜ਼ਨ ਸ਼ੀਤਲ ਸਿੰਘ ਤੇ ਥਾਣਾ ਸਿਟੀ ਦੇ ਮੁਖੀ ਅਮਨਦੀਪ ਨਾਹਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਇਸ ਅਚਾਨਕ ਵਾਪਰੀ ਘਟਨਾ ਤੋਂ ਹਰ ਕੋਈ ਹੈਰਾਨ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।
