ਅਮਰੀਕਾ ਮੈਰੀਲੈਂਡ ਸਥਿਤ ਅੰਬੇਡਕਰ ਕੌਮਾਂਤਰੀ ਕੇਂਦਰ ’ਚ ਕੀਤਾ ਜਾਵੇਗਾ ਉਦਘਾਟਨ
ਵਾਸ਼ਿੰਗਟਨ: ਭਾਰਤੀ ਸੰਵਿਧਾਨ ਦੇ ਪ੍ਰਮੁੱਖ ਵਾਸਤੂਕਾਰ ਡਾ. ਬੀ.ਆਰ. ਅੰਬੇਡਕਰ ਦੇ ਭਾਰਤ ਤੋਂ ਬਾਹਰ ‘ਸਭ ਤੋਂ ਵੱਡੇ’ ਬੁੱਤ ਦਾ ਅਮਰੀਕਾ ਦੇ ਮੈਰੀਲੈਂਡ ’ਚ 14 ਅਕਤੂਬਰ ਨੂੰ ਉਦਘਾਟਨ ਕੀਤਾ ਜਾਵੇਗਾ।
ਉੱਨੀ ਫ਼ੁੱਟ ਦੇ ਇਸ ਬੁੱਤ ਨੂੰ ‘ਸਟੈਚੂ ਆਫ਼ ਇਕੁਐਲਿਟੀ’ (ਸਮਾਨਤਾ ਦੀ ਮੂਰਤੀ) ਦਾ ਨਾਂ ਦਿਤਾ ਗਿਆ ਹੈ, ਜਿਸ ਨੂੰ ਪ੍ਰਸਿੱਧ ਕਲਾਕਾਰ ਅਤੇ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ ਹੈ। ਸੁਤਾਰ ਨੇ ਹੀ ਗੁਜਰਾਤ ਦੇ ਅਹਿਮਦਾਬਾਦ ’ਚ ਸਥਾਪਤ ਸਰਕਾਰ ਪਟੇਲ ਦਾ ਬੁੱਤ ਬਣਾਇਆ ਸੀ।
ਅੰਬੇਡਕਰ ਦਾ ਬੁੱਤ ਮੈਰੀਲੈਂਡ ਦੇ ਏਕੋਕੀਕ ਸ਼ਹਿਰ ’ਚ 13 ਏਕੜ ਜ਼ਮੀਨ ’ਤੇ ਬਣਾਏ ਜਾ ਰਹੇ ‘ਅੰਬੇਡਕਰ ਕੌਮਾਂਤਰੀ ਕੇਂਦਰ’ (ਏ.ਆਈ.ਸੀ.) ਦਾ ਹਿੱਸਾ ਹੈ। ਏ.ਆਈ.ਸੀ. ਨੇ ਕਿਹਾ, ‘‘ਇਹ ਭਾਰਤ ਬਾਹਰ ਬਾਬਾ ਸਾਹੇਬ ਦਾ ਸਭ ਤੋਂ ਵੱਡਾ ਬੁੱਤ ਹੈ ਅਤੇ ਇਸ ਨੂੰ ਇਸ ਕੇਂਦਰ ’ਚ ਬਣਾਏ ਜਾ ਰਹੇ ਅੰਬੇਡਕਰ ਸਮਾਰਕ ਦੇ ਇਕ ਹਿੱਸੇ ਦੇ ਰੂਪ ’ਚ ਸਥਾਪਤ ਕੀਤਾ ਜਾ ਰਿਹਾ ਹੈ।’’
ਉਸ ਨੇ ਕਿਹਾ, ‘‘ਇਸ ਪ੍ਰੋਗਰਾਮ ’ਚ ਅਮਰੀਕਾ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਅੰਬੇਡਕਰਵਾਦੀ ਅੰਦੋਲਨ ਦੇ ਪ੍ਰਤੀਨਿਧੀਆਂ ਅਤੇ ਉਸ ਦੇ ਪੈਰੋਕਾਰਾਂ ਦੇ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਉਮੀਦ ਹੈ।’’
ਏ.ਆਈ.ਸੀ. ਨੇ ਦਸਿਆ ਕਿ ਇਹ ਸਮਾਰਕ ਬਾਬਾ ਸਾਹੇਬ ਦੇ ਸੰਦੇਸ਼ਾਂ ਅਤੇ ਸਿੱਖਿਆਵਾਂ ਦਾ ਪ੍ਰਸਾਰ ਕਰੇਗਾ ਅਤੇ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਨੂੰ ਪ੍ਰਦਰਸ਼ਿਤ ਕਰੇਗਾ। ਬੁੱਤ ਦਾ ਉਦਘਾਟਨ 14 ਅਕਤੂਬਰ ਨੂੰ ਹੋਵੇਗਾ, ਜਿਸ ’ਚ ਵੱਖੋ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।