
ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ
ਮੁੰਬਈ: ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਟਰੇਲਰ ਟਰੱਕ ਨਾਲ ਭਿਆਨਕ ਟੱਕਰ ਤੋਂ ਬਾਅਦ ਇੱਕ ਨਿੱਜੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਨਾਸਿਕ-ਔਰੰਗਾਬਾਦ ਹਾਈਵੇਅ 'ਤੇ ਨੰਦੂਰ ਨਾਕੇ 'ਤੇ ਸਵੇਰੇ 5.15 ਵਜੇ ਵਾਪਰਿਆ ਜਦੋਂ 'ਸਲੀਪਰ' ਕੋਚ ਵਾਲੀ ਇੱਕ ਨਿੱਜੀ ਬੱਸ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਤੋਂ ਮੁੰਬਈ ਜਾ ਰਹੇ ਇੱਕ ਟਰਾਲੇ ਟਰੱਕ ਨਾਲ ਟਕਰਾ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਚੁੱਕੇਗੀ।
ਨਾਸਿਕ ਪੁਲਿਸ ਕਮਿਸ਼ਨਰ ਜਯੰਤ ਨਾਇਕਨਵਾਰੇ ਨੇ ਕਿਹਾ, "ਯਵਤਮਾਲ ਤੋਂ ਮੁੰਬਈ ਜਾ ਰਹੀ ਇੱਕ ਲਗਜ਼ਰੀ ਬੱਸ ਨਾਸਿਕ-ਔਰੰਗਾਬਾਦ ਹਾਈਵੇਅ 'ਤੇ ਮਿਰਚੀ ਹੋਟਲ ਦੇ ਨੇੜੇ ਇੱਕ ਚੌਰਾਹੇ 'ਤੇ ਪੁਣੇ ਜਾ ਰਹੇ ਟ੍ਰੇਲਰ ਟਰੱਕ ਨਾਲ ਟਕਰਾ ਗਈ ਜਿਸ ਦੇ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਇਸ ਵਿਚ 11 ਯਾਤਰੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਜ਼ਿਲਾ ਸਿਵਲ ਹਸਪਤਾਲ ਅਤੇ ਨਾਸਿਕ ਦੇ ਇਕ ਹੋਰ ਨਿੱਜੀ ਮੈਡੀਕਲ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।