
ਸੰਨ 2011 ਤੋਂ ਪਾਇਲਟ ਬਣਨ ਲਈ ਕਰ ਰਿਹਾ ਸੀ ਪੜ੍ਹਾਈ, ਜਲੰਧਰ ਨਾਲ ਸਬੰਧਿਤ ਹੈ 35 ਸਾਲਾ ਪ੍ਰਭਜੋਤ ਸਿੰਘ ਮੁਲਤਾਨੀ
ਮਿਲਾਨ (ਦਲਜੀਤ ਮੱਕੜ): ਇਟਲੀ ਦੇ ਭਾਰਤੀ ਚਾਹੇ ਉਹ ਬੱਚੇ ਹਨ ਜਾਂ ਵੱਡੇ ਇਟਲੀ ਵਿਚ ਬੁਲੰਦ ਹੌਂਸਲਿਆਂ ਤੇ ਦਿ੍ਰੜ ਇਰਾਦਿਆਂ ਨਾਲ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਨਿਰੰਤਰ ਕਾਮਯਾਬੀ ਦੀ ਮਿਸਾਲ ਬਣਦੇ ਜਾ ਰਹੇ ਹਨ ਜਿਸ ਨੂੰ ਹੋਰ ਪ੍ਰਤੱਖ ਕਰ ਦਿਤਾ ਹੈ ਭਾਰਤੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ (35) ਨੇ ਜਿਹੜਾ ਕਿ ਹਾਲ ਹੀ ਵਿਚ ਵਿਜ਼ ਏਅਰਲਾਈਨ ਵਿਚ ਕੈਪਟਨ ਥਾਪਿਆ ਗਿਆ ਹੈ।
ਸੰਨ 2003 ਵਿਚ ਪ੍ਰਵਾਰ ਨਾਲ ਇਟਲੀ ਆਇਆ ਦੁਆਬੇ ਦੇ ਜਲੰਧਰ ਦਾ ਰਹਿਣ ਵਾਲਾ ਇਹ ਬੱਚਾ ਉਸ ਸਮੇਂ ਦੇਖਣ ਨੂੰ ਬਿਲਕੁਲ ਸਾਧਾਰਣ ਬੱਚਾ ਹੀ ਸੀ ਤੇ ਸ਼ਾਇਦ ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਬੱਚਾ ਕਦੇ ਅਸਮਾਨੀ ਉਡਾਰੀਆਂ ਮਾਰਦਾ ਕੈਪਟਨ ਹੋਵੇਗਾ। ਪ੍ਰਭਜੋਤ ਸਿੰਘ ਮੁਲਤਾਨੀ ਪਿਤਾ ਗੁਰਮੇਲ ਸਿੰਘ ਤੇ ਮਾਤਾ ਕੁਲਵੰਤ ਕੌਰ ਦੀਆਂ ਮਮਤਾ ਵਿਚ ਗਹਿਗੱਚ ਹੋਈਆਂ ਹੱਲਾਸ਼ੇਰੀਆਂ ਦੇ ਸਦਕੇ ਉਨ੍ਹਾਂ ਰਾਹਾਂ ਦਾ ਪਾਂਧੀ ਬਣ ਗਿਆ ਜਿਹੜੇ ਰਾਹ ਉਸ ਨੂੰ ਕਾਮਯਾਬੀ ਦੀ ਟੀਸੀ ਉਪਰ ਲੈ ਆਇਆ। ਗੱਲਬਾਤ ਕਰਦਿਆਂ ਪ੍ਰਭਜੋਤ ਸਿੰਘ ਨੇ ਦਸਿਆ ਕਿ ਇਸ ਮੁਕਾਮ ਤਕ ਪਹੁੰਚਾਉਣ ਲਈ ਉਸ ਦੇ ਮਾਪਿਆਂ ਦਾ ਹੀ ਵੱਡਾ ਯੋਗਦਾਨ ਹੈ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਸੰਨ 2011 ਤੋਂ ਉਸ ਨੇ ਹਵਾਈ ਜਹਾਜ਼ ਦਾ ਪਾਇਲਟ ਬਣਨ ਲਈ ਪੜ੍ਹਾਈ ਸ਼ੁਰੂ ਕੀਤੀ ਜਿਸ ਨੂੰ ਨੇਪਰੇ ਚਾੜ੍ਹਨ ਲਈ ਉਹ ਪਹਿਲਾਂ ਅਮਰੀਕਾ ਫਿਰ ਇੰਗਲੈਂਡ ਤੇ ਬਾਅਦ ਵਿਚ ਸਪੇਨ ਪੜ੍ਹਨ ਗਿਆ ਤਾਂ ਜਾ ਕੇ ਅੱਜ ਉਹ ਕਾਮਯਾਬੀ ਦੇ ਜਹਾਜ਼ ਦਾ ਮੁਸਾਫ਼ਰ ਬਣਿਆ।
ਇਹ ਵੀ ਪੜ੍ਹੋ: ਕੇਂਦਰੀ ਏਜੰਸੀਆਂ ਨੇ ਕੇਰਲ ਟ੍ਰੇਨ ਹਮਲੇ ਪਿੱਛੇ ਅੱਤਵਾਦੀ ਸਬੰਧਾਂ ਦੀ ਕੀਤੀ ਪੁਸ਼ਟੀ
ਜਹਾਜ਼ ਦਾ ਕੈਪਟਨ ਬਣਨ ਉਪੰਰਤ ਉਸ ਨੇ ਸੱਭ ਤੋਂ ਪਹਿਲਾਂ ਇਮੀਰੇਟ ਏਅਰਲਾਈਨ ਵਿਚ ਪਾਇਲਟ ਵਜੋਂ ਕਮਾਂਡ ਸੰਭਾਲੀ ਫਿਰ ਹੌਲੀ-ਹੌਲੀ ਉਹ ਅਸਮਾਨਾਂ ਵਿਚ ਉਡਣ ਦਾ ਅਜਿਹਾ ਮੁਰੀਦ ਹੋਇਆ ਕਿ ਅੱਜ ਨਾਮੀ ਏਅਰਲਾਈਨ ਵਿਜ਼ ਏਅਰ ਦਾ ਕੈਪਟਨ ਬਣ ਗਿਆ ।ਪ੍ਰਭਜੋਤ ਸਿੰਘ ਮੁਲਤਾਨੀ ਨੇ ਉਨ੍ਹਾਂ ਤਮਾਮ ਇਟਲੀ ਦੇ ਭਾਰਤੀ ਨੌਜਵਾਨਾਂ ਦੀ ਧਾਰਨਾ ਨੂੰ ਪਛਾੜ ਦਿਤਾ ਜਿਹੜੇ ਇਹੀ ਸੋਚੀ ਜਾਂਦੇ ਸਨ ਕਿ ਬਾਹਰ ਆ ਕੇ ਪੜ੍ਹਨ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਹੁੰਦਾ ਜਦੋਂ ਕਿ ਡਿਗਰੀਆਂ ਕਰ ਕੇ ਵੀ ਤਾਂ ਕਰਨੀਆਂ ਦਿਹਾੜੀਆਂ ਹੀ ਹਨ।
ਇਹ ਨੌਜਵਾਨ ਭਾਰਤੀ ਤੇ ਇਟਾਲੀਅਨ ਕਮਿਊਨਿਟੀ ਸਮੇਤ ਹੋਰ ਦੇਸ਼ਾਂ ਦੇ ਇਟਲੀ ਵਸਦੇ ਲੋਕਾਂ ਲਈ ਜਿਥੇ ਚਰਚਾ ਦਾ ਵਿਸ਼ਾ ਬਣਿਆ ਹੈ ਉੱਥੇ ਹੀ ਨੌਜਵਾਨ ਵਰਗ ਲਈ ਅਪਣੇ ਆਪ ਵਿਚ ਵਿਲੱਖਣ ਮਿਸਾਲ ਵੀ ਹੈ ਜਿਹੜੀ ਇਹ ਦਰਸਾਉਂਦੀ ਹੈ ਕਿ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਤੇ ਜਨੂੰਨੀ ਹੋਣ ਤਾਂ ਕੋਈ ਅਜਿਹਾ ਖੇਤਰ ਨਹੀਂ ਜਿਸ ਵਿਚ ਕਾਮਯਾਬੀ ਦੇ ਝੰਡੇ ਬੁਲੰਦ ਨਹੀਂ ਕੀਤੇ ਜਾ ਸਕਦੇ।