4 ਸਾਲ ਪਹਿਲਾਂ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ
ਕਪੂਰਥਲਾ: ਮਨੀਲਾ 'ਚ ਪੰਜਾਬੀ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੈਸਟੋਰੈਂਟ 'ਚ ਬੈਠੇ ਨੌਜਵਾਨ ਨੂੰ ਮਾਰਨ ਲਈ ਦੋ ਹਮਲਾਵਰ ਬਾਈਕ 'ਤੇ ਆਏ। ਮ੍ਰਿਤਕ ਦੀ ਪਹਿਚਾਣ ਨਿਸ਼ਾਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਰੰਧਾਵਾ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਸਬ ਡਵੀਜ਼ਨ ਦੇ ਪਿੰਡ ਰੰਧਾਵਾ ਦਾ ਰਹਿਣ ਵਾਲਾ 27 ਸਾਲਾ ਨਿਸ਼ਾਨ ਸਿੰਘ 4 ਸਾਲ ਪਹਿਲਾਂ ਮਨੀਲਾ ਗਿਆ ਸੀ।
ਮ੍ਰਿਤਕ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਮਨੀਲਾ ਤੋਂ ਕਿਸੇ ਜਾਣਕਾਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਲੜਕੇ ਦਾ ਕਤਲ ਹੋ ਗਿਆ ਹੈ। ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ। ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹੈ।
ਪ੍ਰਵਾਰਕ ਮੈਂਬਰਾਂ ਨੇ ਸਰਕਾਰ ਤੋਂ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ।