
ਜਗਮੀਤ ਸਿੰਘ ਨੇ ਕਿਹਾ ਓਨਟਾਰੀਓ ਚੋਣਾਂ ਦੇ ਨਤੀਜੇ ਆਉਣ 'ਤੇ ਫੈਡਰਲ ਚੋਣਾਂ 'ਤੇ ਸਿੱਧਾ ਅਸਰ ਹੋਵੇਗਾ।
ਬਰੈਂਪਟਨ - 7 ਜੂਨ ਨੂੰ ਕੈਨੇਡਾ ਦੇ ਉਨਟਾਰੀਓ 'ਚ ਹੋਈਆਂ ਚੋਣਾਂ ਤੋਂ ਬਾਅਦ ਉਥੋਂ ਦੀ ਤੀਜੀ ਵੱਡੀ ਪਾਰਟੀ ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨਟਾਰੀਓ ਦੀਆਂ ਚੋਣਾਂ ਦੇ ਨਤੀਜਿਆਂ ਦਾ ਸਿੱਧਾ ਅਸਰ ਆਉਣ ਵਾਲੇ ਵਰ੍ਹੇ ਅਕਤੂਬਰ 'ਚ ਹੋਣ ਵਾਲੀਆਂ ਫੈਡਰਲ ਚੋਣਾਂ 'ਤੇ ਪਵੇਗਾ। ਜਗਮੀਤ ਨੇ ਕੈਨੇਡਾ ਦੀ ਸਿਆਸਤ, ਓਨਟਾਰੀਓ ਚੋਣਾਂ 'ਚ ਐੱਨ. ਡੀ. ਪੀ ਦੇ ਪ੍ਰਦਰਸ਼ਨ, ਅਮਰੀਕਾ ਨਾਲ ਛਿੜੀ ਟ੍ਰੇਡ ਵਾਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਖੁਲ੍ਹ ਕੇ ਗਲਬਾਤ ਕੀਤੀ।
Jagmeet singh
ਉਨ੍ਹਾਂ ਆਪਣੀ ਪਾਰਟੀ ਦੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਕਿਹਾ ਚੋਣਾਂ 'ਚ ਸਾਡੀ ਹਾਰ ਹੋਈ ਹੈ ਪਰ ਅਸੀਂ ਚੋਣਾਂ 'ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ. ਸੀ) ਦੀ ਜਿੱਤ ਦਾ ਫਰਕ ਘਟਾਉਣ 'ਚ ਕਾਮਯਾਬ ਹੋਏ ਹਾਂ। ਦੋ ਮਹੀਨੇ ਪਹਿਲਾਂ ਪੀ. ਸੀ. ਜਿੱਤ ਹਾਸਲ ਕਰਦੇ ਹੋਏ ਨਜ਼ਰ ਆ ਰਹੀ ਸੀ ਪਰ ਸਾਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਪੀ. ਸੀ. ਇਨ੍ਹਾਂ ਚੋਣਾਂ 'ਚ ਬਾਜ਼ੀ ਮਾਰ ਸਕਦੀ ਹੈ। ਲਿਹਾਜ਼ਾ ਅਸੀਂ ਪੂਰੀ ਮਿਹਨਤ ਨਾਲ ਪ੍ਰਚਾਰ ਕੀਤਾ ਅਤੇ ਐੱਨ. ਡੀ. ਪੀ. ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਦੁੱਗਣੀਆਂ ਸੀਟਾਂ ਹਾਸਲ ਹੋਈਆਂ। ਉਨ੍ਹਾਂ ਕਿਹਾ ਕਿ ਪੀ. ਸੀ. ਅਸੀਂ ਨੂੰ ਬਹੁਤ ਵੱਡੇ ਫਰਕ ਨਾਲ ਜਿੱਤ ਤੋਂ ਰੋਕਣ 'ਚ ਕਾਮਯਾਬ ਹੋਏ ਹਾਂ, ਇਹੀ ਸਾਡੀ ਪਾਰਟੀ ਦੀ ਅਸਲ ਜਿੱਤ ਹੈ।
Jagmeet singh
ਜਗਮੀਤ ਸਿੰਘ ਨੇ ਕਿਹਾ ਓਨਟਾਰੀਓ ਚੋਣਾਂ ਦੇ ਨਤੀਜੇ ਆਉਣ 'ਤੇ ਫੈਡਰਲ ਚੋਣਾਂ 'ਤੇ ਸਿੱਧਾ ਅਸਰ ਹੋਵੇਗਾ। ਪਹਿਲਾਂ ਲੋਕ ਸਾਨੂੰ ਗੰਭੀਰਤਾ ਨਾਲ ਨਹੀਂ ਸੀ ਲੈ ਰਹੇ ਪਰ ਇਨ੍ਹਾਂ ਚੋਣਾਂ 'ਚ ਮਿਲੀਆਂ 40 ਸੀਟਾਂ ਨਾਲ ਇਹ ਗੱਲ ਸਾਬਤ ਹੋਈ ਹੈ ਕਿ ਐੱਨ. ਡੀ. ਪੀ. ਦੇ ਉਮੀਦਵਾਰ ਵੀ ਜਿੱਤ ਪ੍ਰਾਪਤ ਕਰ ਸਕਦੇ ਹਨ। ਜ਼ਾਹਿਰ ਹੈ ਕਿ ਬਹੁਤ ਸਾਰੇ ਹਲਕਿਆਂ 'ਚ ਐੱਨ. ਡੀ. ਪੀ. ਦੀ ਟਿਕਟ 'ਤੇ ਲੜਨ ਵਾਲਿਆਂ ਦੀ ਗਿਣਤੀ ਵਧੇਗੀ ਅਤੇ ਇਸ ਨਾਲ ਸਿੱਧੇ ਤੌਰ 'ਤੇ ਫੈਡਰਲ ਚੋਣਾਂ 'ਤੇ ਅਸਰ ਪਵੇਗਾ। ਉਨ੍ਹਾਂ ਦਸਿਆ ਕਿ ਬਰੈਂਪਟਨ ਅਤੇ ਟੋਰਾਂਟੋ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਸੀਂ ਬਰੈਂਪਟਨ ਦੀਆਂ 5 'ਚੋਂ 3 ਸੀਟਾਂ ਜਿੱਤੇ ਹਾਂ ਅਤੇ ਟੋਰਾਂਟੋ 'ਚ ਵੀ ਪਾਰਟੀ ਨੂੰ ਕਈ ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। ਇਸ ਲਈ ਉਨਾਂ ਨੇ ਵਿਸ਼ਵਾਸ ਨਾਲ ਕਿਹਾ ਕਿ ਫੈਡਰਲ ਚੋਣਾਂ 'ਚ ਵੀ ਇਨ੍ਹਾਂ ਇਲਾਕਿਆਂ 'ਚ ਐੱਨ. ਡੀ. ਪੀ. ਦਾ ਪ੍ਰਭਾਵ ਦੇਖਣ ਨੂੰ ਮਿਲੇਗਾ।
Jagmeet singh
ਜਗਮੀਤ ਸਿੰਘ ਉਨਟਾਰੀਓ ਦੇ ਨਤੀਜਿਆਂ ਦੀ ਸੰਤੁਸ਼ਟੀ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਅਸੀਂ ਸਰਕਾਰ ਬਣਾਉਣ 'ਚ ਕਾਮਯਾਬ ਹੋ ਸਕਦੇ ਹਾਂ ਅਤੇ ਕੋਈ ਵੀ ਸਿਆਸੀ ਪਾਰਟੀ ਸਰਕਾਰ ਬਣਾਉਣ ਵਾਸਤੇ ਹੀ ਚੋਣਾਂ ਲੜਦੀ ਹੈ। ਅਸੀਂ ਪੂਰੀ ਮਿਹਨਤ ਵੀ ਕੀਤੀ ਪਰ ਪੀ. ਸੀ. ਦਾ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ। ਹਾਲਾਂਕਿ ਪੀ. ਸੀ. ਨੂੰ 23 ਲੱਖ ਵੋਟਾਂ ਅਤੇ ਸਾਨੂੰ 19 ਲੱਖ ਵੋਟਾਂ ਹਾਸਲ ਹੋਈਆਂ ਹਨ ਅਤੇ ਵੋਟਾਂ 'ਚ ਸਿਰਫ 4 ਲੱਖ ਦਾ ਹੀ ਫਰਕ ਹੈ ਪਰ ਪੀ. ਸੀ. ਦੇ ਉਮੀਦਵਾਰਾਂ ਦੀ ਚੋਣ ਇਸ ਤਰੀਕੇ ਨਾਲ ਹੋਈ ਕਿ ਉਹ 4 ਲੱਖ ਵੋਟਾਂ ਜ਼ਿਆਦਾ ਲੈ ਕੇ ਵੀ 35 ਸੀਟਾਂ ਜ਼ਿਆਦਾ ਹਾਸਲ ਕਰ ਗਏ। ਸਾਡੇ ਲਈ ਇਨ੍ਹਾਂ ਚੋਣਾਂ 'ਚ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਸੀਟਾਂ ਦੀ ਗਿਣਤੀ ਦੁੱਗਣੀ ਕਰ ਲਈ ਹੈ ਅਤੇ ਲਿਬਰਲ ਦਾ ਇਨ੍ਹਾਂ ਚੋਣਾਂ 'ਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ।
Jagmeet singh
ਜਗਮੀਤ ਸਿੰਘ ਨੇ ਲਿਬਰਲ ਪਾਰਟੀ ਦੀ ਇਨ੍ਹਾਂ ਚੋਣਾਂ 'ਚ ਹੋਈ ਹਾਰ ਬਾਰੇ ਬੋਲਦਿਆਂ ਕਿਹਾ ਕਿ ਲਿਬਰਲ ਪਾਰਟੀ ਨੇ ਲੋਕਾਂ ਨਾਲ ਵਿਸ਼ਵਾਸਘਾਟ ਕੀਤਾ ਹੈ। ਓਨਟਾਰੀਓ 'ਚ ਬਿਜਲੀ ਦਾ ਸਿਸਟਮ ਜਨਤਾ ਦੇ ਹੱਥ 'ਚ ਰਹਿਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਰਿਹਾ। ਲਿਬਰਲ ਦੀ ਸਰਕਾਰ ਨੇ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਫੰਡ 'ਚ ਕਮੀ ਕੀਤੀ, ਜਿਸ ਨਾਲ ਲੋਕਾਂ 'ਚ ਇਹ ਪ੍ਰਭਾਵ ਗਿਆ ਕਿ ਲਿਬਰਲ ਦੀ ਸਰਕਾਰ ਜਨ ਵਿਰੋਧੀ ਹੈ ਅਤੇ ਲੋਕਾਂ ਨੇ ਲਿਬਰਲ ਪਾਰਟੀ ਨੂੰ 7 ਸੀਟਾਂ 'ਤੇ ਸਮੇਟ ਦਿਤਾ ਅਤੇ ਪਾਰਟੀ ਦਾ ਅਧਿਕਾਰਤ ਦਰਜਾ ਵੀ ਖੁਸ ਗਿਆ।
Jagmeet singh
ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਜਿੱਤ ਪ੍ਰਾਪਤ ਕਰਕੇ ਪ੍ਰਧਾਨ ਮੰਤਰੀ ਬਣਨਾ ਨਹੀਂ ਹੈ। ਉਨ੍ਹਾਂ ਦਾ ਮੁਖ ਟੀਚਾ ਸਮਾਜ ਲਈ ਭਲਾਈ ਵਾਲੇ ਕੰਮ ਕਰਨਾ ਹੈ। ਜਨਤਾ ਲਈ ਜਨਤਾ ਦੀ ਆਵਾਜ਼ ਬਣ ਕੇ ਜਨਤਾ ਨਾਲ ਜੁੜੇ ਮੁੱਦੇ ਚੁੱਕਾਂਗੇ, ਜਿਸ ਨਾਲ ਲੋਕਾਂ ਦਾ ਜੀਵਨ ਆਸਾਨ ਬਣ ਸਕੇ ਅਤੇ ਅਮੀਰ ਆਦਮੀ ਨੂੰ ਫਾਇਦਾ ਪਹੁੰਚਣ ਦੀ ਬਜਾਏ ਗਰੀਬ ਅਤੇ ਸਾਧਾਰਨ ਵਿਅਕਤੀ ਨੂੰ ਸਾਰੀਆਂ ਸਹੂਲਤਾਂ ਮਿਲਣ।