
ਪਿਛਲੇ ਸਾਲ ਵੀ ਅਮਰੀਕੀ ਫੌਜ਼ ਨੇ ਹੀਥਨ ਨੋਰਸ ਪੈਗਨ ਫੇਥ ਦੇ ਮੈਂਬਰ ਨੂੰ ਵੀ ਇਕ ਸਿੱਖ ਦੀ ਤਰਾਂ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਸੀ
ਅਮਰੀਕਾ- ਅਮਰੀਕਾ ਦੀ ਹਵਾਈ ਸੈਨਾ ਨੇ ਪਹਿਲੀ ਵਾਰ ਇਕ ਐਕਟਿਵ ਡਿਊਟੀ ਸਿੱਖ ਏਅਰਮੈਨ ਨੂੰ ਸਾਬਤ ਸੂਰਤ ਰਹਿੰਦਿਆਂ ਹੋਇਆ ਪੱਗ ਅਤੇ ਦਾੜੀ ਰੱਖਦਿਆਂ ਹਵਾਈ ਸੈਨਾ ਵਿਚ ਡਿਊਟੀ ਕਰਨ ਦੀ ਖਾਸ ਇਜ਼ਾਜਤ ਦੇ ਦਿੱਤੀ ਹੈ। ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ACLU) ਅਤੇ ਸਿੱਖ ਅਮਰੀਕੀ ਵੈਟਰਨਜ਼ ਅਲਾਇੰਸ ਨੇ ਹਰਪ੍ਰੀਤਇੰਦਰ ਸਿੰਘ ਬਾਜਵਾ ਏਅਰਮੈਨ ਫਸਟ ਕਲਾਸ ਦੀ ਆਪਣਾ ਪੱਖ ਰੱਖਣ ਵਿਚ ਨੁਮਾਇੰਦਗੀ ਕੀਤੀ। ਬਾਜਵਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਵਾਈ ਸੈਨਾ ਨੇ ਮੈਨੂੰ ਡਿਊਟੀ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।
US Air force allows Sikh Airman to follow his faith
2017 ਵਿਚ ਜਿਹੜੇ ਹਵਾਈ ਸੈਨਾ ਵਿਚ ਭਰਤੀ ਹੋਏ ਸਨ ਉਹਨਾਂ ਨੂੰ ਇਸਦੀ ਇਜ਼ਾਜਤ ਨਹੀਂ ਮਿਲੀ ਸੀ। ਬਾਜਵਾ ਨੇ ਕਿਹਾ ਕਿ ਅੱਜ ਮੈਨੂੰ ਲੱਗਦਾ ਹੈ ਮੇਰੇ ਦੇਸ਼ ਨੇ ਮੇਰੀ ਸਿੱਖ ਵਿਰਾਸਤ ਨੂੰ ਅਪਣਾ ਲਿਆ ਹੈ ਅਤੇ ਮੈਂ ਉਹਨਾਂ ਦਾ ਜਿੰਦਗੀ ਭਰ ਅਹਿਸਾਨ ਨਹੀਂ ਭੁੱਲਾਂਗਾ। ਹਵਾਈ ਸੈਨਾ ਵਿਚ ਭਰਤੀ ਹੋਣ ਲਈ ਤੇ ਹਵਾਈ ਸੈਨਾ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਬਾਜਵਾ ਨੂੰ ਪਹਿਲਾਂ ਆਪਣੇ ਕੇਸ ਅਤੇ ਦਾੜੀ ਕਟਵਾਉਣ ਦੀ ਜ਼ਰੂਰਤ ਸੀ ਪਰ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਪਿਆ। ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕੀ ਹਵਾਈ ਸੈਨਾ ਨੇ ਆਪਣੇ ਨਿਯਮਾਂ ਬਾਰੇ ਨਾ ਸੋਚਦੇ ਹੋਏ ਇਕ ਸਿੱਖ ਬਾਰੇ ਸੋਚਿਆ ਜੋ ਕਿ ਆਪਣੇ ਧਰਮ ਦਾ ਪਾਲਣ ਕਰਨਾ ਚਾਹੁੰਦਾ ਸੀ।
U.S Airforce
ਇਕ ਬਿਆਨ ਵਿਚ ਏਸੀਐਲਯੂ(ACLU) ਦੇ ਸੀਨੀਅਰ ਵਕੀਲ ਹੀਥਰ ਐਲ ਵੀਵਰ ਨੇ ਇਸ ਰਿਆਇਤ ਲਈ ਹਵਾਈ ਸੈਨਾ ਦੀ ਪ੍ਰਸੰਸ਼ਾ ਕੀਤੀ। ਵੀਵਰ ਨੇ ਇਕ ਬਿਆਨ ਵਿਚ ਕਿਹਾ ਕਿ ਕਿਸੇ ਨੂੰ ਵੀ ਆਪਣੇ ਦੇਸ਼ ਦੀ ਸੇਵਾ ਅਤੇ ਆਪਣੇ ਧਰਮ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਜ਼਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਹਵਾਈ ਸੈਨਾ ਨੇ ਹਰਪ੍ਰੀਤਇੰਦਰ ਸਿੰਘ ਬਾਜਵਾ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਧਾਰਮਿਕ ਸ਼ਮੂਲੀਅਤ ਨੂੰ ਪਛਾਣ ਲੈਣਗੀਆਂ। ਪਿਛਲੇ ਸਾਲ ਅਮਰੀਕੀ ਫੌਜ਼ ਨੇ ਹੀਥਨ ਨੋਰਸ ਪੈਗਨ ਫੇਥ ਦੇ ਮੈਂਬਰ ਨੂੰ ਵੀ ਇਕ ਸਿੱਖ ਦੀ ਤਰਾਂ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਸੀ।