Punjab News: ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ ਪੀੜਤ ਸੁਮਿਤ
Canada University sent the student back after the travel agent did not pay the fee: ਪੰਜਾਬ ਅੱਜ ਠੱਗ ਟਰੈਵਲ ਏਜੰਟਾਂ ਦਾ ਗੜ੍ਹ ਬਣ ਗਿਆ ਹੈ। ਸੂਬੇ ਵਿਚ ਥਾਂ-ਥਾਂ ਇਮੀਗਰੇਸ਼ਨ ਕੰਪਨੀਆਂ ਖੁੱਲੀਆਂ ਹਨ। ਇਮੀਗਰੇਸ਼ਨ ਕੰਪਨੀਆਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝੂਠ ਵਿਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਰਹੀਆਂ ਹਨ। ਅਜਿਹੀ ਹੀ ਖਬਰ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। ਜਿਥੋਂ ਦਾ ਨੌਜਵਾਨ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ।
ਦਰਅਸਲ ਟਰੈਵਲ ਏਜੰਟ ਦੀ ਠੱਗੀ ਕਾਰਨ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਨੂੰ ਦੇਸ਼ ਪਰਤਣਾ ਪਿਆ ਹੈ। ਟਰੈਵਲ ਏਜੰਟ ਨੇ ਵਿਦਿਆਰਥੀ ਦੀ ਦੂਜੇ ਸਮੈਸਟਰ ਦੀ 10 ਹਜ਼ਾਰ ਡਾਲਰ ਫੀਸ ਨਾ ਭਰਨ ਕਰ ਕੇ ਯੂਨੀਵਰਸਿਟੀ ਨੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਸਤਵਿੰਦਰ ਕੁਮਾਰ ਨੇ ਆਪਣੇ ਪੁੱਤਰ ਸੁਮਿਤ ਨੂੰ ਕੋਟਕਪੂਰਾ ਦੇ ‘ਬਲਿਯੂ ਕੌਸਟ ਇਮੀਗ੍ਰੇਸ਼ਨ ਸਰਵਿਸ ਐਂਡ ਐਕਸਪ੍ਰੈੱਸ ਵੇਅ’ ਦੇ ਮਾਲਕ ਡੇਵਿਡ ਅਰੋੜਾ ਰਾਹੀਂ ਕੈਨੇਡਾ ਭੇਜਿਆ ਸੀ ਪਰ ਡੇਵਿਡ ਅਰੋੜਾ ਨੇ ਸੁਮਿਤ ਦੀ ਦੂਜੇ ਸਮੈਸਟਰ ਦੀ 10 ਹਜ਼ਾਰ ਡਾਲਰ ਫੀਸ ਨਹੀਂ ਭਰੀ। ਜਿਸ ਕਰਕੇ ਯੂਨੀਵਰਸਿਟੀ ਨੇ ਉਸ ਨੂੰ ਵਾਪਸ ਭੇਜ ਦਿੱਤਾ ਹੈ। ਥਾਣਾ ਸਿਟੀ ਮੁਕਤਸਰ ਸਾਹਿਬ ਪੁਲਿਸ ਨੇ ਡੇਵਿਡ ਅਰੋੜਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਪੀੜਤ ਸਤਵਿੰਦਰ ਕੁਮਾਰ ਨੇ ਦੱਸਿਆ ਕਿ ਡੇਵਿਡ ਅਰੋੜਾ ਨੇ ਕਰੀਬ 16 ਲੱਖ ਰੁਪਏ ਲੈ ਕੇ ਉਸ ਦੇ ਪੁੱਤਰ ਦਾ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਦਾਖਲਾ ਕਰਵਾਇਆ ਸੀ। ਪੀੜਤ ਪਿਤਾ ਨੇ ਦੋਸ਼ ਲਾਇਆ ਹੈ ਕਿ ਡੇਵਿਡ ਅਰੋੜਾ ਨੇ ਸੁਮਿਤ ਦੀ ਦੂਜੇ ਸਮੈਸਟਰ ਦੀ 10 ਹਜ਼ਾਰ ਕੈਨੇਡੀਅਨ ਡਾਲਰ ਫੀਸ ਉਨ੍ਹਾਂ ਕੋਲੋਂ ਤਾਂ ਲੈ ਲਈ ਸੀ ਪਰ ਅੱਗੇ ਯੂਨੀਵਰਸਿਟੀ ਨੂੰ ਨਹੀਂ ਦਿਤੀ।
ਡੇਵਿਡ ਨੇ ਫੀਸ ਭਰੀ ਹੋਣ ਦੀ ਜਾਅਲੀ ਰਸੀਦ ਸੁਮਿਤ ਕੁਮਾਰ ਨੂੰ ਦਿੱਤੀ ਸੀ। ਸਤਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਭਵਿੱਖ ਤੇ ਘਰ ਦੀ ਸਾਰੀ ਜਮ੍ਹਾਂ ਪੂੰਜੀ ਬਰਬਾਦ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਡੇਵਿਡ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।