
ਮੁੱਖ ਸਕੱਤਰ ਨੇ ਸਮੂਹ ਏ ਅਤੇ ਬੀ ਅਧਿਕਾਰੀਆਂ ਨੂੰ ਮੌਜੂਦਾ ਸੰਕਟ ਦੇ ਮੱਦੇਨਜ਼ਰ ਅਗਲੇ 3 ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਫੰਡ ਵਜੋਂ ਦੇਣ ਦੀ ਅਪੀਲ ਕੀਤੀ।
ਚ਼ੰਡੀਗੜ੍ਹ: ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਕੱਲ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਆਈਏਐਸ ਅਫਸਰਜ਼ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਆਪਣੇ ਕਾਡਰ ਦੇ ਸਾਰੇ ਅਧਿਕਾਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਸਵੈਇੱਛਤ ਤੌਰ 'ਤੇ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਨੂੰ ਦੇਣ ਦੀ ਅਪੀਲ ਕੀਤੀ।
File Photo
ਮੁੱਖ ਸਕੱਤਰ ਨੇ ਵੀਰਵਾਰ ਨੂੰ ਸਮੂਹ ਏ ਅਤੇ ਬੀ ਅਧਿਕਾਰੀਆਂ ਨੂੰ ਮੌਜੂਦਾ ਸੰਕਟ ਦੇ ਮੱਦੇਨਜ਼ਰ ਅਗਲੇ 3 ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਫੰਡ ਵਜੋਂ ਦੇਣ ਦੀ ਅਪੀਲ ਕੀਤੀ ਸੀ।
File Photo
ਇਕ ਮੀਟਿੰਗ ਵਿਚ, ਸੀਨੀਅਰ ਆਈਪੀਐਸ ਅਧਿਕਾਰੀਆਂ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੰਮ ਕਰ ਰਹੇ ਵੱਖ-ਵੱਖ ਰੈਂਕਾਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਕੋਰੋਨਵਾਇਰਸ ਤੋਂ ਇਲਾਵਾ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਸਖਤ ਮਿਹਨਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕੋਵਿਡ -19 ਵਿਰੁੱਧ ਚੁਣੌਤੀ ਭਰੀ ਲੜਾਈ ਦੌਰਾਨ ਮੂਹਰਲੀ ਕਤਾਰ ਵਿਚ ਜੰਗ ਲੜਨ ਵਾਲੇ ਪੁਲਿਸ ਫੋਰਸ ਖ਼ਾਸਕਰ ਫੀਲਡ ਅਫਸਰਾਂ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।
Photo
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਗਰੀਬ ਲੋਕਾਂ ਦੀ ਤੁਰੰਤ ਸਹਾਇਤਾ ਕਰਨ ਦੀ ਲੋੜ ਨੂੰ ਵੇਖਦਿਆਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਸਾਰੇ ਅਧਿਕਾਰੀਆਂ ਨੂੰ ਉਹਨਾਂ ਦੀ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ-ਕੋਵਿਡ 19 ਨੂੰ ਦੇਣ ਦੀ ਅਪੀਲ ਕੀਤੀ ਜਾਵੇ।
File Photo
ਆਈਏਐਸ ਅਧਿਕਾਰੀਆਂ ਦੀ ਕਾਰਜਕਾਰੀ ਕਮੇਟੀ ਨੇ ਇਕ ਵੱਖਰੀ ਮੀਟਿੰਗ ਵਿਚ ਅਜਿਹੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਉਮੀਦ ਪ੍ਰਗਟਾਈ ਕਿ ਸਾਰੇ ਆਈਏਐਸ ਅਧਿਕਾਰੀ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਸਾਹਮਣੇ ਹਿੱਸਾ ਪਾਉਣ ਲਈ ਇਕ ਵੱਡੀ ਮਿਸਾਲ ਕਾਇਮ ਕਰਨਗੇ। ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਅਧਿਕਾਰੀ ਇਸ ਵਿਚਾਰ ਵਿਚ ਇਕਮਤ ਹਨ ਕਿ ਸੰਕਟ ਦੀ ਇਸ ਘੜੀ ਵਿਚ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਦੇਣਾ ਜ਼ਰੂਰੀ ਹੈ।