
10 ਸਾਲ ਤੋਂ ਕੈਨੇਡਾ ਰਹਿ ਰਿਹਾ ਗੁਰਪ੍ਰੀਤ ਸਿੰਘ ਬਰੋਕਾ, ਓਂਟਾਰੀਓ ਸੂਬੇ ’ਚ ਪੈਂਦੇ ਗ੍ਰੇਟਰ ਸਡਬਰੀ ਵਿਖੇ ਖੋਲ੍ਹੀ ਦੁਕਾਨ
Gurpreet Singh Baroka canada News: ਕੈਨੇਡਾ ਵਿਚ ਇਕ ਪੰਜਾਬੀ ਸਿੱਖ ਨੌਜਵਾਨ ਵੱਲੋਂ ਦਸਤਾਰਾਂ ਦੀ ਦੁਕਾਨ ਖੋਲ੍ਹੀ ਗਈ ਹੈ, ਜਿਸ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਹੱਲਾ ਕੀਤਾ ਜਾ ਰਿਹਾ ਹੈ, ਕੁੱਝ ਲੋਕ ਕੈਨੇਡਾ ਵਿਚ ਭਾਰਤੀਆਂ ਦੇ ਵਧਦੇ ਪ੍ਰਭਾਵ ਪ੍ਰਤੀ ਚਿੰਤਾ ਅਤੇ ਨਾਰਾਜ਼ਗੀ ਜਤਾ ਰਹੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਇਸ ਨੌਜਵਾਨ ਦੇ ਹੱਕ ਵਿਚ ਵੀ ਬੋਲ ਰਹੇ ਨੇ। ਇਹ ਨੌਜਵਾਨ ਆਪਣੀ ਦੁਕਾਨ ਵਿਚ ਦਸਤਾਰ ਅਤੇ ਰੁਮਾਲਾ ਸਾਹਿਬ ਸਮੇਤ ਸਿੱਖ ਧਰਮ ਨਾਲ ਜੁੜੀਆਂ ਕਈ ਚੀਜ਼ਾਂ ਵੇਚਦਾ ਹੈ। ਆਓ ਤੁਹਾਨੂੰ ਦੱਸਦੇ ਹਾਂ, ਕੀ ਹੈ ਇਸ ਨੌਜਵਾਨ ਦਾ ਨਾਮ ਅਤੇ ਕੀ ਹੈ ਪੂਰਾ ਮਾਮਲਾ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿਚ ਪੰਜਾਬੀਆਂ ਖ਼ਾਸ ਕਰ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਰਕੇ ਕੈਨੇਡਾ ਨੂੰ ‘ਦੂਜਾ ਪੰਜਾਬ’ ਵੀ ਕਿਹਾ ਜਾਣ ਲੱਗ ਪਿਆ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਜਿੱਥੇ ਸਿੱਖ ਰਹਿੰਦੇ ਹੋਣਗੇ, ਉਥੇ ਦੁਕਾਨਾਂ ’ਤੇ ਉਨ੍ਹਾਂ ਦੀਆਂ ਧਾਰਮਿਕ ਰਹੁ ਰੀਤਾਂ ਨਾਲ ਸਬੰਧਤ ਸਮਾਨ ਵੀ ਮਿਲੇਗਾ। ਇਸੇ ਦੇ ਚੱਲਦਿਆਂ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਪੈਂਦੇ ਗ੍ਰੇਟਰ ਸਡਬਰੀ ਵਿਖੇ ਗੁਰਪ੍ਰੀਤ ਸਿੰਘ ਬਰੋਕਾ ਨਾਂਅ ਦੇ ਇਕ ਸਿੱਖ ਨੌਜਵਾਨ ਵੱਲੋਂ ਦਸਤਾਰਾਂ ਦੀ ਦੁਕਾਨ ਖੋਲ੍ਹੀ ਗਈ ਹੈ, ਜਿਸ ਵਿਚ ਉਸ ਵੱਲੋਂ ਦਸਤਾਰਾਂ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਤ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ਪਰ ਗੁਰਪ੍ਰੀਤ ਵੱਲੋਂ ਦੁਕਾਨ ਖੋਲ੍ਹੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਭਾਰਤੀਆਂ ਬਾਰੇ ਕਈ ਤਰ੍ਹਾਂ ਦੀਆਂ ਵਿਤਕਰੇ ਭਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਕੁੱਝ ਲੋਕ ਗੁਰਪ੍ਰੀਤ ਦੇ ਹੱਕ ਵਿਚ ਵੀ ਬੋਲ ਰਹੇ ਹਨ। ਹਾਲਾਂਕਿ ਇਹ ਵਿਰੋਧ ਸਿਰਫ਼ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ।
ਸੋਸ਼ਲ ਮੀਡੀਆ ’ਤੇ ਬਰੂਸ ਨਾਂਅ ਦੇ ਇਕ ਵਿਅਕਤੀ ਨੇ ਲਿਖਿਆ, ‘‘ਕੈਨੇਡਾ ਦੇ ਨਵਾਂ ਭਾਰਤ ਬਣਨ ਤੋਂ ਪਹਿਲਾਂ ਸਾਨੂੰ ਮੁੜ ਪਰਵਾਸ ਕਰਵਾਉਣ ਦੀ ਲੋੜ ਹੈ। ਬਰੂਸ ਦੀ ਇਸ ਗੱਲ ਦੇ ਸਮਰਥਨ ਵਿਚ ਕਈ ਹੋਰ ਲੋਕਾਂ ਨੇ ਵੀ ਪੋਸਟਾਂ ਪਾਈਆਂ। ਇਕ ਹੋਰ ਵਿਅਕਤੀ ਨੇ ਲਿਖਿਆ ‘‘ਸਡਬਰੀ ਖ਼ਤਮ ਹੋ ਗਿਆ ਹੈ। ਉਸ ਨਰਕ ਤੋਂ ਬਾਹਰ ਨਿਕਲਣ ਦਾ ਇਕੋ ਇਕ ਰਸਤਾ ਗੋਰਿਆਂ ਦਾ ਪਲਾਇਨ ਹੈ। ਮੇਰੇ ਬੱਚਿਆਂ ਦੇ ਸਕੂਲ ਵਿਚ 75 ਫ਼ੀਸਦੀ ਕਾਲੇ ਲੋਕ ਨੇ ਅਤੇ ਰਿਟੇਲ, ਫਾਸਟ ਫੂਡ 98 ਫ਼ੀਸਦੀ ਭਾਰਤੀਆਂ ਦੇ ਹੱਥ ਵਿਚ ਐ। ਸ਼ਹਿਰ ਖ਼ਤਮ ਹੋ ਗਿਆ ਹੈ।’’ ਇਸੇ ਤਰ੍ਹਾਂ ਇਕ ਹੋਰ ਨੇ ਭਾਰਤੀਆਂ ਬਾਰੇ ਲਿਖਿਆ, ‘‘ਉਨ੍ਹਾਂ ਨੂੰ ਭਾਰਤ ਭੇਜਣ ਲਈ ਜਹਾਜ਼ ਦੀਆਂ ਟਿਕਟਾਂ ਲਈ ਇਕ ‘ਗੋ ਫੰਡ ਮੀ’ ਪੇਜ਼ ਬਣਾਓ ਅਤੇ ਉਨ੍ਹਾਂ ਸਾਰਿਆਂ ਨੂੰ ਖ਼ੁਦ ਟਿਕਟਾਂ ਕਟਾ ਕੇ ਇੱਥੋਂ ਤੋਰੋ!!’’
ਉਧਰ ਬਹੁਤ ਸਾਰੇ ਲੋਕਾਂ ਵੱਲੋਂ ਗੁਰਪ੍ਰੀਤ ਸਿੰਘ ਬਰੋਕਾ ਦੇ ਸਮਰਥਨ ਵਿਚ ਬਿਆਨਬਾਜ਼ੀ ਕੀਤੀ ਜਾ ਰਹੀ ਐ। ਨਿਕੋਲਾਈ ਨਾਂਅ ਦੇ ਇਕ ਵਿਅਕਤੀ ਨੇ ਲਿਖਿਆ, ‘‘ਤੁਸੀਂ ਕੰਮ ਲਈ ਮੁੜ ਪਰਵਾਸ ਨੂੰ ਕਿਵੇਂ ਦੇਖਦੇ ਹੋ? ਉਨ੍ਹਾਂ ਭਾਰਤੀ ਪਰਿਵਾਰਾਂ ਬਾਰੇ ਕੀ, ਜੋ 70 ਦੇ ਦਹਾਕੇ ਵਿਚ ਤੁਹਾਡੇ ਜੰਮਣ ਤੋਂ ਵੀ ਪਹਿਲਾਂ ਇੱਥੇ ਆ ਗਏ ਸਨ?’’ ਰਾਜੀਵ ਸਕਸੇਨਾ ਨਾਂਅ ਦੇ ਵਿਅਕਤੀ ਨੇ ਤੰਜ ਕਸਦਿਆਂ ਲਿਖਿਆ ‘‘ਕੀ ਇਸ ਦਾ ਮਤਲਬ ਹੈ ਕਿ ਤੁਸੀਂ ਯੂਰਪ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹੋ?’’
ਕੈਨੇਡਾ ਦੀ ਲੇਖਿਕਾ ਰੂਪਾ ਸੁਬਰਮਨੀਆ ਨੇ ਲਿਖਿਆ ‘‘ਸੋਚੋ, ਇਕ ਸਿੱਖ ਵਿਅਕਤੀ ਜੋ ਪੱਗਾਂ ਵੇਚਦਾ ਹੈ, ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ, ਨਸ਼ੇ ਨਹੀਂ ਵੇਚ ਰਿਹਾ, ਕੋਈ ਪਰੇਸ਼ਾਨੀ ਨਹੀਂ ਖੜ੍ਹੀ ਕਰ ਰਿਹਾ,, ਉਨ੍ਹਾਂ ਪੰਜਾਬੀਆਂ ਵਾਂਗ ਨਹੀਂ, ਜਿਨ੍ਹਾਂ ਨੂੰ ਅਸੀਂ ਅੰਦਰ ਆਉਣ ਦਿੱਤਾ ਅਤੇ ਉਹ ਗੜਬੜ ਹੀ ਕਰਦੇ ਰਹਿੰਦੇ ਨੇ।’’
ਦੱਸ ਦਈਏ ਕਿ ਇਕ ਰਿਪੋਰਟ ਮੁਤਾਬਕ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਬਰੋਕਾ ਇਕ ਦਹਾਕਾ ਪਹਿਲਾਂ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਆਏ ਸੀ ਜੋ ਮੌਜੂਦਾ ਸਮੇਂ ਇਕ ਬੈਂਕ ਵਿਚ ਨੌਕਰੀ ਕਰ ਰਹੇ ਨੇ। ਉਹ ਸਿੱਖ ਸੱਭਿਆਚਾਰ ਦੇ ਨਾਲ ਨਾਲ ਕੈਨੇਡਾ ਦੇ ਸੱਭਿਆਚਾਰ ਸਬੰਧੀ ਮਾਮਲਿਆਂ ਅਤੇ ਸਮਾਗਮਾਂ ਨਾਲ ਵੀ ਜੁੜੇ ਹੋਏ ਨੇ। ਉਨ੍ਹਾਂ ਦੇ ਐਕਸ ਅਕਾਊਂਟ ਮੁਤਾਬਕ ਉਨ੍ਹਾਂ ਨੂੰ ਓਂਟਾਰੀਓ ਦੇ ਗ੍ਰੇਟਰ ਸਡਬਰੀ ਦੇ ਕੈਂਬਰੀਅਨ ਕਾਲਜ ਵੱਲੋਂ ਅਪਲਾਈ ਬੋਰਡ ਇੰਟਰਨੈਸ਼ਨਲ ਐਲੂਮਨਾਈ ਆਫ਼ ਇੰਪੈਕਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਏ। ਇਸ ਤੋਂ ਇਲਾਵਾ ਉਹ ਸਮਾਜ ਅਤੇ ਖ਼ਾਸ ਤੌਰ ’ਤੇ ਵਾਤਾਵਰਣ ਸਬੰਧੀ ਪ੍ਰੋਗਰਾਮਾਂ ਵਿਚ ਵੀ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ।