
ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਨਾਲ ਕੀਤਾ ਗਿਆ ਸਨਮਾਨਤ
ਆਕਲੈਂਡ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਵਲੋਂ ਬੀਤੇ ਕਲ ਦੇਸ਼ ਦੇ ਐਂਬੂਲੈਂਸ ਅਫ਼ਸਰਾਂ ਅਤੇ ਉਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼ ਦੀ ਗਵਰਨਰ ਜਨਰਲ ਵਲੋਂ ਸਨਮਾਨਤ ਕੀਤਾ ਗਿਆ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਖ਼ੁਸ਼ੀ ਵਾਲੀ ਗੱਲ ਰਹੀ ਕਿ ਇਨ੍ਹਾਂ ਸਨਮਾਨਤ ਹੋਣ ਵਾਲੇ ਐਂਬੂਲੈਂਸ ਅਫ਼ਸਰਾਂ ਦੇ ਵਿਚ ਇਕ ਪੰਜਾਬੀ ਕੁੜੀ ਪਿੰਕੀ ਲਾਲ ਵੀ ਸ਼ਾਮਲ ਸੀ।
ਗੁਰਦੁਆਰਾ ਸਾਹਿਬ ਬੇਗ਼ਮਪੁਰਾ ਦੇ ਚੇਅਰਮੈਨ ਰਾਮ ਸਿੰਘ ਨੂੰ ਅਪਣੀ ਇਸ ਧੀ ਉਤੇ ਬਹੁਤ ਮਾਣ ਹੈ। ਡੁਨੀਡਨ ਵਿਖੇ ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਆਫ਼ੀਸਰ ਦੇ ਤੌਰ ਉਤੇ ਕੰਮ ਕਰਦੀ ਹੈ। ਹੁਣ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਰਾਜਾ ਪ੍ਰਿੰਸ ਚਾਰਲਸ-3 ਵਲੋਂ ਜਾਰੀ ਸਨਮਾਨਤ ਹੋਣ ਵਾਲੀਆਂ ਐਂਬੂਲੈਂਸ ਸਟਾਫ਼ ਸ਼ਖ਼ਸੀਅਤਾਂ ਵਿਚ ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਮੋਢੇ ਉਤੇ ਸਨਮਾਨ ਚਿੰਨ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਵਲੋਂ ਲਾਇਆ ਗਿਆ। ਪ੍ਰਿੰਸ ਚਾਰਲਸ ਦੇ ਦਸਤਖ਼ਤਾਂ ਵਾਲਾ ਸਨਮਾਨ ਪੱਤਰ ਵੀ ਇਸ ਨੂੰ ਪ੍ਰਾਪਤ ਹੋਇਆ।