
ਗੁਰਦਾਸਪੁਰ ਦੇ ਪਿੰਡ ਮਾਨ ਸੈਡਵਾਲ ਨਾਲ ਹਨ ਸਬੰਧਿਤ
ਫ਼ਤਿਹਗੜ੍ਹ ਚੂੜੀਆਂ (ਡਾ.ਮਨਜੀਤ ਸਿੰਘ ਚਿਤੌੜਗੜ੍ਹ) : ਪਿੰਡ ਮਾਨ ਸੈਡਵਾਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਗੁਰਸ਼ੇਰ ਸਿੰਘ ਮਾਨ ਤੇ ਉਨ੍ਹਾਂ ਦੀ ਪਤਨੀ ਹਰਲੀਨ ਕੌਰ ਮਾਨ ਜੋ ਆਸਟਰੇਲੀਆ ਰਹਿ ਰਹੇ ਹਨ। ਇਸ ਜੋੜੀ ਵਲੋਂ ਆਸਟਰੇਲੀਆ/ਨਿਊਜ਼ੀਲੈਂਡ ਪੁਲਿਸ ਖੇਡਾਂ ’ਚ ਸੋਨੇ-ਚਾਂਦੀ ਦੇ ਤਮਗ਼ੇ ਜਿੱਤ ਕੇ ਸਮੂਹ ਪੰਜਾਬੀ ਭਾਈਚਾਰੇ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਗੱਲ ਕਰਦਿਆਂ ਸਰਪੰਚ ਜਸਪਾਲ ਸਿੰਘ ਮਾਨ ਨੇ ਕਿਹਾ ਕਿ ਇਸ ਜੋੜੇ ਵਲੋਂ ਖੇਡਾਂ ’ਚ ਕੀਤੇ ਗਏ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਡੇ ਪਿੰਡ ਤੇ ਸਮੂਹ ਇਲਾਕੇ ਦਾ ਮਾਣ ਵਧਿਆ ਹੈ। 15 ਮਾਰਚ ਤੋਂ ਤਸਮਾਨੀਆ ਦੇ ਹੋਬਾਰਟ ਵਿਚ ਸ਼ੁਰੂ ਹੋਈਆਂ ਆਸਟਰੇਲੀਆ/ਨਿਊਜ਼ੀਲੈਂਡ ਪੁਲਿਸ ਖੇਡਾਂ ’ਚ 10 ਪੈਸੇਫ਼ਿਕ ਆਈਸਲੈਂਡ ਦੇਸ਼ਾਂ ਦੇ ਲਗਭਗ 1,500 ਐਥਲੀਟ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ।
ਐਨ ਐਸ ਡਬਲਿਊ ਦੀ ਸਟੇਟ ਐਮਰਜੈਂਸੀ ਸੇਵਾਵਾਂ ਦੀ ਨੁਮਾਇੰਦਗੀ ਕਰਦੇ ਹੋਏ ਗੁਰਸ਼ੇਰ ਸਿੰਘ ਮਾਨ ਨੇ 4 ਸੋਨੇ ਦੇ ਤਮਗ਼ੇ ਜਿੱਤ ਕੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਿਆ ਹੈ। 100 ਮੀਟਰ ਸਪਰਿੰਟ 200 ਮੀਟਰ ਸਪਰਿੰਟ 400 ਮੀਟਰ ਸਪਰਿੰਟ 4*100 ਮੀਟਰ ਨਿਊ ਸਾਊਥ ਵੇਲਸ ਸਟੇਟ ਦੀ ਸਾਂਝੀ ਮਿਕਸ ਟੀਮ ਰਿਲੇਅ ਰੇਸ ਵਿਚ ਸੋਨੇ ਦਾ ਤਮਗ਼ਾ ਹਾਸਲ ਕੀਤਾ।
ਇਨ੍ਹਾਂ ਖੇਡਾਂ ਦੌਰਾਨ ਹਰਸੀਨ ਕੌਰ ਮਾਨ ਸਹੋਤਾ ਨੇ ਜੈਵਲਿਨ ਥਰੋ ਵਿਚ ਚਾਂਦੀ ਅਤੇ ਡਿਸਕਸ ਥਰੋ ’ਚ ਕਾਂਸੀ ਜਿਤਿਆ। ਇਸ ਜਿੱਤ ਦੇ ਚੱਲਦਿਆਂ ਇਹ ਦੋਵੋ ਐਥਲੀਟ ਜੂਨ 2025 ਵਿਚ ਬਰਮਿੰਘਮ, ਅਲਾਬਾਮਾ (ਅਮਰੀਕਾ) ਵਿਚ ਵਿਸ਼ਵ ਪੁਲਿਸ ਅਤੇ ਫ਼ਾਇਰ ਖੇਡਾਂ ’ਚ ਆਸਟਰੇਲੀਆ ਦੀ ਨੁਮਾਇੰਦਗੀ ਕਰਨ ਲਈ ਕੁਆਲੀਫ਼ਾਈ ਕਰ ਗਏ ਹਨ।
ਇਸ ਮੌਕੇ ਸੁਖਬੀਰ ਸਿੰਘ ਭੋਪਾਲ, ਪ੍ਰਧਾਨ ਸੁਖਜਿੰਦਰ ਸਿੰਘ, ਹਰਪਾਲ ਸਿੰਘ ਮੈਂਬਰ, ਬਲਵਿੰਦਰ ਸਿੰਘ, ਭਾਈ ਹਰਦੀਪ ਸਿੰਘ, ਸੁਖਬੀਰ ਸਿੰਘ ਸੰਧੂ, ਭੁਪਿੰਦਰ ਸਿੰਘ ਮਾਨ, ਬਾਬਾ ਬਲਦੇਵ ਸਿੰਘ ਆਦਿ ਹਾਜ਼ਰ ਸਨ।