
ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ
Italy News: ਇਟਲੀ - ਪੰਜਾਬ ਦੀਆਂ ਧੀਆਂ ਦੇ ਵਿਦੇਸ਼ਾਂ ਵਿਚ ਜਲਵੇ ਬਰਕਰਾਰ ਹਨ ਤੇ ਹਾਲ ਹੀ ਵਿਚ ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੇ ਗੁਰਮੇਲ ਸਿੰਘ ਦੀ 12 ਸਾਲਾ ਪੋਤਰੀ ਨਿਮਰਤ ਕੌਰ ਮਾਜਰੀ ਪੁੱਤਰੀ ਸੁਖਚੈਨ ਸਿੰਘ ਨੇ ਇਟਲੀ ਵਿਚ ਜਿਮਨਾਸਟਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਮਰਤ ਨੇ ਸੂਬਾ ਲੌਂਬੇਰਦੀ ਦੇ ਜ਼ਿਲ੍ਹਾ ਬਰੇਸ਼ੀਆ ’ਚ ਪਹਿਲਾ ਸਥਾਨ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ ਅਤੇ ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਇਨ੍ਹਾਂ ਪ੍ਰਾਪਤੀਆਂ ਤੋਂ ਬਾਅਦ ਹੁਣ ਉਹ ਕੌਮੀ ਪੱਧਰ ’ਤੇ ਰੋਮ ਵਿਚ 15 ਤੋਂ 19 ਮਈ ਤੱਕ ਹੋਣ ਜਾ ਰਹੇ ਮੁਕਾਬਲਿਆਂ ਲਈ ਚੁਣੀ ਗਈ ਹੈ।
ਇਹ ਪੰਜਾਬ ਦੀ ਪਹਿਲੀ ਧੀ ਹੈ, ਜੋ ਇਟਲੀ ’ਚ ਜਿਮਨਾਸਟਿਕ ਵਿਚ 12 ਤੋਂ 15 ਸਾਲ ਵਰਗ ਦੇ ਮੁਕਾਬਲਿਆਂ ਵਿਚ ਖੇਡੇਗੀ। ਇਸ ਪ੍ਰਾਪਤੀ ਲਈ ਨਿਮਰਤ ਦੇ ਤਾਇਆ ਹਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨਿਮਰਤ ਆਪਣੇ ਮਾਪਿਆਂ ਨਾਲ ਇਟਲੀ ਦੇ ਸ਼ਹਿਰ ਕਯਾਰੀ ਵਿਚ ਰਹਿੰਦੀ ਹੈ।