
ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ ਮਨਦੀਪ ਸਿੰਘ ਲਾਡੀ
ਮਿਲਾਨ - ਇਟਲੀ ਦੇ ਤਰਵੀਜੋ ਜ਼ਿਲ੍ਹੇ ਦੇ ਉਦੇਰਸੋ ਸ਼ਹਿਰ ਨੇੜੇ ਰਹਿੰਦੇ ਪੰਜਾਬੀ ਨੌਜਵਾਨ ਮਨਦੀਪ ਸਿੰਘ ਲਾਡੀ ਦੀ ਬੀਤੇ ਬੁੱਧਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ਼ ਮੌਤ ਹੋ ਗਈ। ਇਹ ਨੌਜਵਾਨ ਫਗਵਾੜਾ ਨੇੜਲੇ ਕਿਸੇ ਪਿੰਡ ਨਾਲ਼ ਸਬੰਧਿਤ ਸੀ ਜਿਸ ਦੀ ਉਮਰ ਲੱਗਭਗ 45 ਸਾਲ ਦੇ ਕਰੀਬ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ਰਹਿੰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਲੰਘੇ ਬੁੱਧਵਾਰ ਰਾਤੀ ਲਗਭਗ 9 ਵਜੇ ਨੌਜਵਾਨ ਦੀ ਪਤਨੀ ਨੇ ਦੇਖਿਆ ਕਿ ਮਨਦੀਪ ਸਿੰਘ ਦੇ ਨੱਕ 'ਚੋਂ ਅਚਾਨਕ ਖੂਨ ਵਗਣ ਲੱਗ ਪਿਆ ਅਤੇ ਉਹ ਬੇਹੋਸ਼ ਹੋ ਚੁੱਕਾ ਸੀ ਤਾਂ ਤਰੁੰਤ ਐਂਬੂਲੈਂਸ ਦੀ ਮਦਦ ਨਾਲ਼ ਮਨਦੀਪ ਸਿੰਘ ਨੂੰ ਤਰਵੀਜੋ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੀ ਸਖ਼ਤ ਕੋਸਿ਼ਸ਼ ਦੇ ਬਾਵਜੂਦ ਮਨਦੀਪ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਦਿਲ ਦਾ ਦੌਰਾ ਪੈਣ ਨਾਲ਼ ਮਨਦੀਪ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਮਨਦੀਪ ਸਿੰਘ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ ਹੈ। ਇਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਪਰਿਵਾਰ ਹੈ। ਮਨਦੀਪ ਸਿੰਘ ਦੀ ਪਤਨੀ ਵੀ ਕੈਂਸਰ ਦੀ ਹੈ ਅਤੇ ਲੋੜਵੰਦ ਪਰਿਵਾਰ ਹੈ। ਇਸ ਲਈ ਇਟਲੀ ਦੀਆਂ ਸਮੂਹ ਸੰਗਤਾਂ ਨੂੰ ਇਹ ਨਿਮਰਤਾ ਸਾਹਿਤ ਅਪੀਲ ਵੀ ਕੀਤੀ ਗਈ ਹੈ ਕਿ ਇਸ ਲੋੜਵੰਦ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।