
ਭਾਰਤ ਆ ਕੇ ਰਾਹਤ ਅਤੇ ਸਕੂਨ ਮਹਿਸੂਸ ਕਰ ਰਿਹਾ ਹਾਂ : ਨਿਧਾਨ ਸਿੰਘ
ਨਵੀਂ ਦਿੱਲੀ : ਅਫ਼ਗ਼ਾਨਿਸਤਾਨ ਵਿਚ ਬੰਧਕ ਬਣਾਏ ਜਾਣ ਦੌਰਾਨ ਤਸੀਹਿਆਂ ਦੇ ਸ਼ਿਕਾਰ ਹੋਏ ਨਿਧਾਨ ਸਿੰਘ ਸਚਦੇਵਾ ਭਾਰਤ ਆਉਣ ਤੋਂ ਬਾਅਦ ਰਾਹਤ ਅਤੇ ਸਕੂਨ ਮਹਿਸੂਸ ਕਰ ਰਹੇ ਹਨ ਅਤੇ ਉਥੇ ਹੋਏ ਜ਼ੁਲਮਾਂ ਦੀ ਯਾਦਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਿਧਾਨ ਸਿੰਘ ਦਾ ਕਹਿਣਾ ਹੈ,''ਹੁਣ ਮੈਂ ਅਪਣੇ ਦੇਸ਼ ਵਾਪਸ ਆਇਆ ਹਾਂ ਅਤੇ ਇਥੇ ਸੁਰੱਖਿਅਤ ਹਾਂ।''
Nidhan Singh
ਸਚਦੇਵਾ ਨੇ ਕਿਹਾ ਕਿ ਅਗ਼ਵਾ ਦੌਰਾਨ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਜਾਂਦੀ ਸੀ ਅਤੇ ਉਨ੍ਹਾਂ ਨੇ ਜਿਊਂਦੇ ਆਉਣ ਦੀ ਆਸ ਛੱਡ ਦਿਤੀ ਸੀ। ਉਨ੍ਹਾਂ ਕਿਹਾ,''ਮੇਰੇ ਨਾਲ ਕੁੱਟਮਾਰ ਕੀਤੀ ਗਈ ਅਤੇ ਧਮਕੀ ਦਿਤੀ ਜਾਂਦੀ ਸੀ। ਮੈਨੂੰ ਕਹਿੰਦੇ ਸਨ ਕਿ ਤੇਰਾ ਸਿਰ ਕੱਟ ਕੇ ਭਾਰਤ ਭੇਜ ਦੇਵਾਂਗੇ।'' ਉਨ੍ਹਾਂ ਕਿਹਾ ਕਿ ਬੰਧਕ ਬਣਾਏ ਜਾਣ ਦੌਰਾਨ ਤਸੀਹਿਆਂ ਨੂੰ ਯਾਦ ਕਰਦੇ ਹੋਏ ਉਹ ਹੁਣ ਵੀ ਕੰਬ ਜਾਂਦੇ ਹਨ।
Nidhan Singh
ਉਨ੍ਹਾਂ ਕਿਹਾ,''ਅਸੀਂ ਉਥੇ ਬਹੁਤ ਸਾਰੀ ਹਿੰਸਾ ਦਾ ਸਾਹਮਣਾ ਕੀਤਾ। ਹੁਣ ਵੀ ਡਰ ਮਹਿਸੂਸ ਕਰਦਾ ਹਾਂ।'' ਨਿਧਾਨ ਸਿੰਘ ਨੇ ਕਿਹਾ,''ਪਰ ਹੁਣ ਭਾਰਤ ਆ ਗਿਆ ਹਾਂ। ਹੁਣ ਸਾਰੇ ਦਰਦ ਅਤੇ ਬੰਧਕ ਬਣਾਏ ਰੱਖਣ ਦੌਰਾਨ ਦਿਤੇ ਗਏ ਸਾਰੇ ਤਸੀਹਿਆਂ ਨੂੰ ਭੁੱਲ ਜਾਣਾ ਚਾਹੁੰਦਾ ਹਾਂ।'' ਭਾਰਤ ਨੂੰ ਸਵਰਗ ਦਸਦੇ ਹੋਏ ਉਨ੍ਹਾਂ ਨੇ ਇਥੇ ਆਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਭਾਰਤ ਸਰਕਾਰ ਦਾ ਧਨਵਾਦ ਅਦਾ ਕੀਤਾ।
Nidhan Singh
ਉਨ੍ਹਾਂ ਕਿਹਾ,''ਉਸ ਦੇਸ਼ (ਅਫ਼ਗ਼ਾਨਿਸਤਾਨ) ਵਿਚ ਹੁਣ ਵੀ ਕਈ ਸਿੱਖ ਭਰਾ ਅਤੇ ਭੈਣਾਂ ਹਨ। ਮੈਂ ਸਰਕਾਰ ਤੋਂ ਉਨ੍ਹਾਂ ਨੂੰ ਵੀ ਲਿਆਉਣ ਦੀ ਅਪੀਲ ਕਰਦਾ ਹਾਂ।'' ਆਉਣ ਵਾਲਿਆਂ ਵਿਚ ਸ਼ਾਮਲ ਪਿਆਰਾ ਸਿੰਘ ਨੇ ਕਿਹਾ ਕਿ ਭਾਰਤ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਫਸੇ ਹੋਏ ਦੂਜੇ ਸਿੱਖ ਵੀ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,''ਭਾਰਤ ਸਾਡਾ ਘਰ ਹੈ ਅਤੇ ਮੈਂ ਸਰਕਾਰ ਤੋਂ ਸਾਰੇ ਸਿੱਖਾਂ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ ਅਪੀਲ ਕਰਦਾ ਹਾਂ। ਉਹ ਸਾਰੇ ਭਾਰਤ ਆਉਣਾ ਚਾਹੁੰਦੇ ਹਨ। ਅਸੀਂ ਇਥੇ ਸੁਰੱਖਿਅਤ ਮਹਿਸੂਸ ਕਰਦੇ ਹਾਂ।'' (ਪੀ.ਟੀ.ਆਈ)