
ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ, ਉਨ੍ਹਾਂ ਨੂੰ ਅਪਣੇ ਹਾਲ 'ਤੇ ਛੱਡ ਕੇ ਭੱਜ ਜਾਣ ਵਾਲੇ ਪ੍ਰਵਾਸੀ ਲਾੜਿਆਂ ਦੇ ਮਾਮਲੇ ਵਿਚ ਦਿੱਲੀ ਸਿੱਖ...........
ਨਵੀਂ ਦਿੱਲੀ : ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ, ਉਨ੍ਹਾਂ ਨੂੰ ਅਪਣੇ ਹਾਲ 'ਤੇ ਛੱਡ ਕੇ ਭੱਜ ਜਾਣ ਵਾਲੇ ਪ੍ਰਵਾਸੀ ਲਾੜਿਆਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਕਮੇਟੀ ਦੇ ਉਦਮ ਸਦਕਾ ਵਿਦੇਸ਼ ਮੰਤਰਾਲੇ ਵਲੋਂ 38 ਭਗੌੜੇ ਹੋਏ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ ਰੱਦ ਹੋ ਚੁਕੇ ਹਨ। ਇਹ ਵੇਰਵੇ ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਪੱਤਰਕਾਰ ਮਿਲਣੀ ਦੌਰਾਨ ਸਾਂਝੇ ਕੀਤੇ।
ਦੋਹਾਂ ਅਹੁਦੇਦਾਰਾਂ ਨੇ ਇਸ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਦਿਤੇ ਗਏ ਯੋਗਦਾਨ ਲਈ ਵੀ ਧਨਵਾਦ ਕੀਤਾ ਤੇ ਕਿਹਾ ਕਿ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਪਿਛੋਂ ਅੱਜ ਵਿਦੇਸ਼ ਮੰਤਰਾਲੇ ਨੇ ਪ੍ਰਵਾਸੀ ਲਾੜਿਆਂ ਹੱਥੋਂ ਸਤਾਈਆਂ ਕੁੜੀਆਂ ਵਾਸਤੇ ਇਕ ਨੋਡਲ ਏਜੰਸੀ ਬਣਾ ਦਿਤੀ ਹੈ ਤੇ ਭਗੌੜੇ ਹੋਇਆਂ ਵਿਰੁਧ ਲੁਕ ਆਊਟ ਸਰਕੂਲਰ ਵੀ ਇਹ ਏਜੰਸੀ ਜਾਰੀ ਕਰਨ ਦਾ ਹੱਕ ਰਖਦੀ ਹੈ। ਹੁਣ ਤਕ ਇਸ ਮਾਮਲੇ ਵਿਚ 38 ਭਗੌੜਿਆਂ ਦੇ ਪਾਸਪੋਰਟ ਰੱਦ ਹੋ ਚੁੱਕੇ ਹਨ।
ਉਨ੍ਹਾਂ ਦਸਿਆ ਕਿ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਵਿਵੇਕ ਜੇਪ ਨੇ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਨਾਂਅ ਚਿੱਠੀ ਭੇਜ ਕੇ ਇਹ ਦਸਿਆ ਹੈ ਕਿ ਵਿਦੇਸ਼ ਮੰਤਰਾਲੇ ਤੇ ਔਰਤਾਂ ਬਾਰੇ ਮੰਤਰਾਲੇ ਨੇ ਪ੍ਰਵਾਸੀ ਲਾੜਿਆਂ ਦੇ ਮਾਮਲੇ ਲਈ ਪੜਤਾਲੀਆ ਏਜੰਸੀ ਕਾਇਮ ਕਰ ਦਿਤੀ ਹੈ। ਇਸ ਬਾਰੇ 9 ਮਈ 2018 ਨੂੰ ਕਮੇਟੀ ਨੇ ਮੁੱਦਾ ਚੁਕਿਆ ਸੀ ਤੇ ਵਿਦੇਸ਼ ਮੰਤਰਾਲੇ ਤੇ ਹੋਰਨਾਂ ਨੂੰ ਚਿੱਠੀਆਂ ਭੇਜ ਕੇ, ਪ੍ਰਵਾਸੀ ਲਾੜਿਆਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਸੀ। ਇਸ ਮੌਕੇ ਪ੍ਰਵਾਸੀ ਲਾੜਿਆਂ ਹੱਥੋਂ ਸਤਾਈਆਂ ਕੁੜੀਆਂ ਵੀ ਪੁੱਜੀਆਂ ਹੋਈਆਂ ਸਨ ਤੇ ਉਨ੍ਹਾਂ ਕਮੇਟੀ ਦਾ ਧਨਵਾਦ ਕੀਤਾ।