
ਉਸੇ 10 ਨੰਬਰ ਦੀ ਜਰਸੀ ਪਹਿਨਦਾ ਸੀ ਮਾਰਾਡੋਨਾ
Messi - ਲਿਓਨਲ ਮੇਸੀ ਦੇ ਸੰਨਿਆਸ ਲੈਣ ਤੋਂ ਬਾਅਦ ਅਰਜਨਟੀਨਾ ਦੀ ਰਾਸ਼ਟਰੀ ਫੁਟਬਾਲ ਟੀਮ ਵੱਲੋਂ ਉਸ ਦੀ 10 ਨੰਬਰ ਜਰਸੀ ਨੂੰ ਵੀ ਰਿਟਾਇਰ ਕਰ ਦਿੱਤਾ ਜਾਵੇਗਾ। ਅਰਜਨਟੀਨਾ ਫੁੱਟਬਾਲ ਸੰਘ ਨੇ ਇਹ ਫੈਸਲਾ ਮੈਸੀ ਨੂੰ ਸਨਮਾਨਿਤ ਕਰਨ ਲਈ ਲਿਆ ਹੈ। ਮੇਸੀ ਨੇ ਅਜੇ ਤੱਕ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਨਹੀਂ ਲਿਆ ਹੈ।
ਅਰਜਨਟੀਨਾ ਨੇ ਮੈਸੀ ਦੀ ਕਪਤਾਨੀ ਵਿਚ ਪਿਛਲੇ ਸਾਲ ਕਤਰ ਵਿਚ ਫੁੱਟਬਾਲ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਟੀਮ 36 ਸਾਲਾਂ ਬਾਅਦ ਵਿਸ਼ਵ ਚੈਂਪੀਅਨ ਬਣੀ। ਅਰਜਨਟੀਨਾ ਨੇ ਫਾਈਨਲ ਵਿਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾਇਆ। ਸਪੈਨਿਸ਼ ਅਖਬਾਰ ਮਾਰਕਾ ਨੇ ਅਰਜਨਟੀਨਾ ਫੁੱਟਬਾਲ ਸੰਘ (ਏ.ਐੱਫ.ਏ.) ਦੇ ਪ੍ਰਧਾਨ ਕਲਾਉਡੀਓ ਟੈਪੀਆ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਮੇਸੀ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਵੇਗਾ ਤਾਂ ਕਿਸੇ ਹੋਰ ਨੂੰ ਉਸ ਦੀ 10 ਨੰਬਰ ਦੀ ਜਰਸੀ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੈਸੀ ਦੇ ਸਨਮਾਨ 'ਚ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕੀਤਾ ਜਾਵੇਗਾ। ਅਸੀਂ ਉਨ੍ਹਾਂ ਲਈ ਇੰਨਾ ਤਾਂ ਕਰ ਹੀ ਸਕਦੇ ਹਾਂ।
ਮੇਸੀ ਤੋਂ ਪਹਿਲਾਂ ਡਿਏਗੋ ਮਾਰਾਡੋਨਾ ਵੀ ਅਰਜਨਟੀਨਾ ਲਈ ਖੇਡਦੇ ਹੋਏ 10 ਨੰਬਰ ਦੀ ਜਰਸੀ ਪਹਿਨਦੇ ਸਨ। ਅਰਜਨਟੀਨਾ ਨੇ 2002 ਵਿਚ ਮਾਰਾਡੋਨਾ ਦੇ ਸਨਮਾਨ ਵਿੱਚ ਇਸ ਜਰਸੀ ਨੂੰ ਰਿਟਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅੰਤਰਰਾਸ਼ਟਰੀ ਫੁਟਬਾਲ ਫੈਡਰੇਸ਼ਨ ਦੇ ਸਖ਼ਤ ਨਿਯਮਾਂ ਕਾਰਨ ਅਜਿਹਾ ਨਹੀਂ ਹੋ ਸਕਿਆ। ਫੀਫਾ ਨਿਯਮਾਂ ਦੇ ਅਨੁਸਾਰ, ਟੀਮਾਂ ਨੂੰ 1 ਤੋਂ 23 ਨੰਬਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੇ 'ਚ ਭਵਿੱਖ 'ਚ ਕਿਸੇ ਨੂੰ ਮਜਬੂਰੀ 'ਚ ਇਹ ਜਰਸੀ ਲੈਣੀ ਪੈ ਸਕਦੀ ਹੈ।
ਮੇਸੀ ਨੇ 2016 ਵਿਚ ਕੋਪਾ ਅਮਰੀਕਾ ਦੇ ਫਾਈਨਲ ਵਿਚ ਹਾਰਨ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ, ਪਰ ਫਿਰ ਮੈਦਾਨ ਵਿਚ ਵਾਪਸ ਪਰਤੇ। ਦਰਅਸਲ, 2014 ਵਿਸ਼ਵ ਕੱਪ ਫਾਈਨਲ ਵਿਚ ਜਰਮਨੀ ਤੋਂ ਮਿਲੀ ਹਾਰ ਅਤੇ ਕੋਪਾ ਅਮਰੀਕਾ ਵਿਚ ਚਿਲੀ ਤੋਂ ਮਿਲੀ ਹਾਰ ਤੋਂ ਬਾਅਦ ਇਹ ਸ਼ੱਕ ਸੀ ਕਿ ਮੇਸੀ ਅੱਗੇ ਨਹੀਂ ਖੇਡਣਗੇ। ਉਹਨਾਂ ਨੇ 2016 ਵਿਚ ਸੰਨਿਆਸ ਵੀ ਲੈ ਲਿਆ, ਪਰ ਫਿਰ ਉਹਨਾਂ ਨੇ ਵਾਪਸੀ ਕੀਤੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਮੇਸੀ ਨੇ ਅਰਜਨਟੀਨਾ ਲਈ 180 ਮੈਚਾਂ ਵਿਚ 106 ਗੋਲ ਕੀਤੇ ਹਨ। ਉਸ ਨੇ ਟੀਮ ਨੂੰ 2021 ਕੋਪਾ ਅਮਰੀਕਾ ਅਤੇ 2022 ਵਿਚ ਵਿਸ਼ਵ ਕੱਪ ਜਿਤਾਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮੇਸੀ 2026 ਦੇ ਫੀਫਾ ਵਿਸ਼ਵ ਕੱਪ 'ਚ ਖੇਡੇਗਾ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਉਹ 2024 'ਚ ਅਰਜਨਟੀਨਾ ਲਈ ਦੂਜੀ ਵਾਰ ਕੋਪਾ ਅਮਰੀਕਾ ਕੱਪ ਜਿੱਤਣਾ ਚਾਹੇਗਾ। ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ, 2022 ਵਿਸ਼ਵ ਕੱਪ ਦੌਰਾਨ ਮੇਸੀ ਦੁਆਰਾ ਪਹਿਨੀਆਂ ਗਈਆਂ 6 ਜਰਸੀਜ਼ ਇੱਕ ਨਿਲਾਮੀ ਵਿੱਚ 7.8 ਮਿਲੀਅਨ ਡਾਲਰ (ਲਗਭਗ 64 ਕਰੋੜ ਰੁਪਏ) ਵਿਚ ਵਿਕੀਆਂ ਸਨ।