
ICC Rankings : ਬੁਮਰਾਹ ਨੇ ਸਾਬਕਾ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਛੱਡਿਆ ਪਿੱਛੇ
ICC Rankings News in Punjabi : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੁਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਗੇਂਦਬਾਜ਼ੀ ਰੈਂਕਿੰਗ ’ਚ 907 ਰੇਟਿੰਗ ਅੰਕ ਹਾਸਲ ਕਰ ਕੇ ਨਵਾਂ ਭਾਰਤੀ ਰੀਕਾਰਡ ਬਣਾਇਆ। ਬੁਮਰਾਹ ਨੇ ਹਾਲ ਹੀ ’ਚ ਰਿਟਾਇਰ ਹੋਏ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿਤਾ, ਜਿਨ੍ਹਾਂ ਨੇ 2016 ’ਚ ਅਪਣੀ ਸਰਵਉੱਚ ਰੇਟਿੰਗ 904 ਅੰਕ ਹਾਸਲ ਕੀਤੀ ਸੀ। ਹਾਲ ਹੀ ’ਚ ਅਸ਼ਵਿਨ ਦੀ ਬਰਾਬਰੀ ਕਰਨ ਵਾਲੇ ਬੁਮਰਾਹ ਆਸਟਰੇਲੀਆ ਵਿਰੁਧ ਚੌਥੇ ਟੈਸਟ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਨਵਾਂ ਭਾਰਤੀ ਰੀਕਾਰਡ ਬਣਾਉਣ ’ਚ ਕਾਮਯਾਬ ਰਹੇ। ਬੁਮਰਾਹ 907 ਰੇਟਿੰਗ ਅੰਕਾਂ ਨਾਲ ਇੰਗਲੈਂਡ ਦੇ ਡੇਰੇਕ ਅੰਡਰਵੁੱਡ ਨਾਲ ਸੰਯੁਕਤ ਤੌਰ ’ਤੇ 17ਵੇਂ ਸਥਾਨ ’ਤੇ ਹਨ।
ਇਸ ਤੇਜ਼ ਗੇਂਦਬਾਜ਼ ਨੇ ਬਾਕਸਿੰਗ ਡੇ ਟੈਸਟ ਮੈਚ ’ਚ 9 ਵਿਕਟਾਂ ਲਈਆਂ, ਜਿਸ ਨਾਲ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਚੋਟੀ ’ਤੇ ਉਸ ਦੀ ਸਥਿਤੀ ਮਜ਼ਬੂਤ ਹੋ ਗਈ। ਹਾਲਾਂਕਿ ਭਾਰਤ ਇਹ ਮੈਚ ਹਾਰ ਗਿਆ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਐਮ.ਸੀ.ਜੀ. ’ਤੇ ਅਪਣੀਆਂ ਛੇ ਵਿਕਟਾਂ ਨਾਲ 15 ਰੇਟਿੰਗ ਅੰਕ ਮਿਲੇ, ਜਿਸ ਨਾਲ ਉਹ ਇਕ ਸਥਾਨ ਦੇ ਸੁਧਾਰ ਨਾਲ ਤੀਜੇ ਸਥਾਨ ’ਤੇ ਪਹੁੰਚ ਗਏ। ਕਮਿੰਸ ਨੇ ਚੌਥੇ ਟੈਸਟ ’ਚ ਆਸਟਰੇਲੀਆ ਦੀ 184 ਦੌੜਾਂ ਦੀ ਜਿੱਤ ਦੌਰਾਨ ਦੋ ਪਾਰੀਆਂ ’ਚ 90 ਮਹੱਤਵਪੂਰਨ ਦੌੜਾਂ ਬਣਾਉਣ ਤੋਂ ਬਾਅਦ ਟੈਸਟ ਆਲਰਾਊਂਡਰ ਰੈਂਕਿੰਗ ’ਚ ਤੀਜਾ ਸਥਾਨ ਵੀ ਹਾਸਲ ਕੀਤਾ।
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਬਾਕਸਿੰਗ ਡੇਅ ਟੈਸਟ ਵਿਚ ਪਹਿਲੀ ਪਾਰੀ ਵਿਚ 82 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਉਹ 854 ਰੇਟਿੰਗ ਅੰਕਾਂ ਨਾਲ ਕਰੀਅਰ ਦੀ ਬਿਹਤਰੀਨ ਚੌਥੀ ਰੈਂਕਿੰਗ ’ਤੇ ਪਹੁੰਚ ਗਿਆ, ਜਦਕਿ ਨਿਤੀਸ਼ ਕੁਮਾਰ ਰੈੱਡੀ ਦੇ ਪਹਿਲੇ ਟੈਸਟ ਸੈਂਕੜੇ ਨਾਲ ਉਹ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ 20 ਸਥਾਨ ਦੇ ਸੁਧਾਰ ਨਾਲ 53ਵੇਂ ਸਥਾਨ ’ਤੇ ਪਹੁੰਚ ਗਿਆ।
(For more news apart from Bumrah made I.C.C. Ashwin broke Indian record rating points in ranking News in Punjabi, stay tuned to Rozana Spokesman)