
2017 'ਚ ਖੇਡੇ ਗਏ ਏਸ਼ੀਆ ਕੱਪ 'ਚ ਟੀਮ ਇੰਡੀਆ ਜੇਤੂ ਰਹੀ ਸੀ। ਉਦੋਂ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।
ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਭਾਰਤ ਨੇ ਬੁੱਧਵਾਰ ਨੂੰ ਤੀਜੇ ਸਥਾਨ ਦੇ ਮੈਚ ਵਿਚ ਜਪਾਨ ਨੂੰ 1-0 ਨਾਲ ਹਰਾਇਆ। ਮੈਚ ਦਾ ਇਕਲੌਤਾ ਗੋਲ ਰਾਜਕੁਮਾਰ ਪਾਲ ਨੇ ਕੀਤਾ। ਸੁਪਰ-4 ਦੇ ਆਪਣੇ ਆਖਰੀ ਮੈਚ 'ਚ ਭਾਰਤੀ ਟੀਮ ਦੱਖਣੀ ਕੋਰੀਆ ਨਾਲ 4-4 ਨਾਲ ਡਰਾਅ ਰਹਿਣ ਕਾਰਨ ਫਾਈਨਲ 'ਚ ਨਹੀਂ ਪਹੁੰਚ ਸਕੀ ਸੀ, ਉਸ ਮੈਚ 'ਚ ਭਾਰਤ ਲਈ ਜਿੱਤ ਜ਼ਰੂਰੀ ਸੀ। ਫਾਈਨਲ ਮੈਚ ਦੱਖਣੀ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਜਾਵੇਗਾ।
ਟੀਮ ਇੰਡੀਆ ਨੇ ਸ਼ੁਰੂ ਤੋਂ ਹੀ ਮੈਚ 'ਤੇ ਆਪਣੀ ਪਕੜ ਬਰਕਰਾਰ ਰੱਖੀ ਸੀ। ਟੀਮ ਇੰਡੀਆ ਲਈ ਰਾਜਕੁਮਾਰ ਪਾਲ ਨੇ ਪਹਿਲੇ ਕੁਆਰਟਰ ਦੇ 7ਵੇਂ ਮਿੰਟ 'ਚ ਗੋਲ ਕੀਤਾ। ਇਸ ਤੋਂ ਬਾਅਦ ਜਪਾਨ ਦੀ ਟੀਮ ਲਗਾਤਾਰ ਗੋਲ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਗੋਲ ਨਹੀਂ ਕਰ ਸਕੀ। ਭਾਰਤ ਵੱਲੋਂ ਵੀ ਕੋਈ ਗੋਲ ਨਹੀਂ ਹੋਇਆ ਪਰ ਉਹਨਾਂ ਨੇ ਸ਼ਾਨਦਾਰ ਬਚਾਅ ਕੀਤਾ।
2017 'ਚ ਖੇਡੇ ਗਏ ਏਸ਼ੀਆ ਕੱਪ 'ਚ ਟੀਮ ਇੰਡੀਆ ਜੇਤੂ ਰਹੀ ਸੀ। ਉਦੋਂ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤ ਨੇ 2013, 2007, 2003, 1994, 1989, 1985 ਅਤੇ 1982 ਸੀਜ਼ਨ ਵਿਚ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ ਸੀ। ਇਹਨਾਂ ਵਿਚੋਂ ਟੀਮ ਇੰਡੀਆ ਨੇ 2017, 2007 ਅਤੇ 2003 ਵਿਚ ਖ਼ਿਤਾਬ ਜਿੱਤੇ ਸਨ। ਇਸ ਸਾਲ ਦੇ ਟੂਰਨਾਮੈਂਟ ਵਿਚ ਭਾਰਤ ਨੇ ਨਵੇਂ ਤਜਰਬੇ ਕੀਤੇ ਅਤੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ। ਟੀਮ ਦੀ ਕਮਾਨ ਬੀਰੇਂਦਰ ਲਾਕੜਾ ਦੇ ਹੱਥ ਸੀ। ਇਸ ਟੂਰਨਾਮੈਂਟ ਲਈ ਨਿਯਮਤ ਕਪਤਾਨ ਮਨਪ੍ਰੀਤ ਸਿੰਘ ਨੂੰ ਵੀ ਆਰਾਮ ਦਿੱਤਾ ਗਿਆ ਸੀ।