
ਸਿੱਖਾਂ ਤੇ ਮੁਸਲਮਾਨਾਂ ਵਿਚ ਦੁਫੇੜ ਪੈਦਾ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ : ਸਰਨਾ
'ਅਸੀਂ ਪੀੜਤ ਸਿੱਖ ਕੁੜੀ ਦਾ ਅਨੰਦ ਕਾਰਜ ਕਰਵਾਉਣ ਵਿਚ ਕਾਮਯਾਬ ਰਹੇ ਹਾਂ, ਵਾਹਿਗੁਰੂ ਪ੍ਰਵਾਰ ਨੂੰ ਰਾਜ਼ੀ ਰੱਖੇ'
ਨਵੀਂ ਦਿੱਲੀ, 30 ਜੂਨ (ਅਮਨਦੀਪ ਸਿੰਘ): ਦੋ ਸਿੱਖ ਕੁੜੀਆਂ ਦੀ ਹੋਈ ਅਖੌਤੀ ਧਰਮ ਤਬਦੀਲੀ ਅਤੇ ਇਕ ਕੁੜੀ ਦੇ ਵਾਪਸ ਆ ਜਾਣ ਦੇ ਵਿਚਕਾਰ ਜੰਮੂ ਕਸ਼ਮੀਰ ਦੇ ਦੌਰੇ ਤੋਂ ਵਾਪਸ ਪਰਤ ਕੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਉਹ ਪੀੜਤ ਕੁੜੀ ਨੂੰ ਸਿੱਖ ਰਵਾਇਤਾਂ, ਸਿੱਖ ਬੀਬੀਆਂ ਤੇ ਸਿੱਖੀ ਦੀ ਮਹਾਨਤਾ ਬਾਰੇ ਜਾਣੂ ਕਰਵਾ ਕੇ, ਇਕ ਸਿੱਖ ਮੁੰਡੇ ਨਾਲ ਉਸ ਦਾ ਵਿਆਹ ਕਰਵਾਉਣ ਵਿਚ ਕਾਮਯਾਬ ਰਹੇ ਹਨ |
ਸ.ਸਰਨਾ ਨੇ ਕਿਹਾ, Tਕਸ਼ਮੀਰ ਦੇ ਮਸਲੇ ਨੂੰ ਵਰਤ ਕੇ, ਕੁੱਝ ਅਨਸਰ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਦੁਫੇੜ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਨ | ਕਸ਼ਮੀਰ ਦੇ ਬਹੁਗਿਣਤੀ ਮੁਸਲਮਾਨਾਂ ਨੂੰ ਘੱਟ-ਗਿਣਤੀ ਸਿੱਖਾਂ ਦੇ ਦੁੱਖ ਦਰਦ ਨੂੰ ਸਮਝਣ ਤੇ ਉਨ੍ਹਾਂ ਨਾਲ ਖੜੇ ਹੋਣ ਦੀ ਲੋੜ ਹੈ | ਇਸੇ ਨਾਲ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ |'' ਕਸ਼ਮੀਰ ਦੌਰੇ 'ਤੇ ਗਏ ਵਫ਼ਦ ਵਿਚ ਸਰਨਾ ਤੋਂ ਇਲਾਵਾ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਗੁਰਮੀਤ ਸਿੰੰਘ ਸ਼ੰਟੀ, ਯੂਥ ਪ੍ਰਧਾਨ ਸ.ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਖੰਨਾ, ਤਨਵੀਰ ਸਿੰਘ ਸੋਢੀ, ਪਰਮਜੀਤ ਸਿੰਘ ਖੁਰਾਣਾ ਤੇ ਹੋਰ ਸ਼ਾਮਲ ਸਨ |
ਅੱਜ ਇਥੇ ਸ.ਸਰਨਾ ਨੇ ਕਿਹਾ ਦੋਹਾਂ ਪ੍ਰਵਾਰਾਂ ਦੀ ਸਹਿਮਤੀ ਨਾਲ ਪੀੜਤ ਸਿੱਖ ਕੁੜੀ ਮਨਮੀਤ ਕੌਰ ਦਾ ਅਨੰਦ ਕਾਰਜ ਸਿੱਖ ਮੁੰਡੇ ਸੁਖਪ੍ਰੀਤ ਸਿੰਘ ਨਾਲ ਸਿੱਖ ਰਹਿਤ ਮਰਿਆਦਾ ਮੁਤਾਬਕ ਗੁਰਦਵਾਰਾ ਪਾਤਸ਼ਾਹੀ ਛੇਵੀਂ, ਸ਼ਾਦੀਮਰਗ, ਪੁਲਵਾਮਾ ਵਿਖੇ ਕਰਵਾ ਦਿਤਾ ਗਿਆ ਹੈ | ਉਨ੍ਹਾਂ ਦਸਿਆ ਕਿ ਕਸ਼ਮੀਰ ਵਿਚ ਕੁੱਝ ਮੁਸਲਮਾਨ ਆਗੂਆਂ ਨੇ ਭਰੋਸਾ ਦਿਤਾ ਹੈ ਕਿ ਭਵਿੱਖ ਵਿਚ ਜੇ ਕੋਈ ਕਿਸੇ ਸਿੱਖ ਕੁੜੀ ਦੀ ਧਰਮ ਤਬਦੀਲੀ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ |