
ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਗੁਹਾਰ ਲਗਾਈ ਹੈ।
ਚੰਡੀਗੜ੍ਹ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਗੁਹਾਰ ਲਗਾਈ ਹੈ। ਦਰਅਸਲ 19 ਅਗਸਤ ਨੂੰ ਪਠਾਨਕੋਟ ਸਥਿਤ ਸੁਰੇਸ਼ ਰੈਨਾ ਦੀ ਭੂਆ ਦੇ ਘਰ ਹਮਲਾ ਹੋ ਗਿਆ ਸੀ। ਇਸ ਹਮਲੇ ਵਿਚ ਉਹਨਾਂ ਦੇ ਫੁੱਫੜ ਦੀ ਮੌਤ ਹੋ ਗਈ ਸੀ ਜਦਕਿ ਬੀਤੀ ਰਾਤ ਉਹਨਾਂ ਦੇ ਭਰਾ ਦੀ ਵੀ ਮੌਤ ਹੋ ਗਈ।
Suresh Raina
ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਦੇ ਸੁੱਤੇ ਹੋਏ ਪਰਿਵਾਰ 'ਤੇ ਹਮਲਾ ਕਰ ਦਿੱਤਾ ਸੀ। ਪਰਿਵਾਰ ਦੇ ਬਾਕੀ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਰੈਨਾ ਦੀ ਭੂਆ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਇਸ ਦੇ ਚਲਦਿਆਂ ਰੈਨਾ ਨੰ ਪੰਜਾਬ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Suresh Raina's Family
ਇਸ ਘਟਨਾ ਤੋਂ ਬਾਅਦ ਸੁਰੇਸ਼ ਰੈਨਾ ਨੇ ਦੋ ਟਵੀਟ ਕੀਤੇ। ਸੁਰੇਸ਼ ਰੈਨਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਪੰਜਾਬ ਵਿਚ ਮੇਰੇ ਪਰਿਵਾਰ ਨਾਲ ਜੋ ਵੀ ਹੋਇਆ, ਉਹ ਕਾਫ਼ੀ ਭਿਆਨਕ ਸੀ। ਮੇਰੇ ਫੁੱਫੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਮੇਰੀ ਭੂਆ ਅਤੇ ਦੋਵੇਂ ਭਰਾਵਾਂ ਨੂੰ ਜ਼ਖਮੀ ਕੀਤਾ ਗਿਆ। ਬਦਕਿਸਮਤੀ ਨਾਲ ਮੇਰੇ ਭਰਾ ਦੀ ਬੀਤੀ ਰਾਤ ਮੌਤ ਹੋ ਗਈ। ਮੇਰੀ ਭੂਆ ਹਾਲੇ ਵੀ ਗੰਭੀਰ ਹੈ ਅਤੇ ਲਾਈਫ ਸਪੋਰਟ ‘ਤੇ ਹੈ’।
Tweet
ਸੁਰੇਸ਼ ਰੈਨਾ ਨੇ ਇਕ ਹੋਰ ਟਵੀਟ ਵਿਚ ਲਿਖਿਆ, ‘ਅਸੀਂ ਨਹੀਂ ਜਾਣਦੇ ਕਿ ਉਸ ਰਾਤ ਕੀ ਹੋਇਆ ਸੀ ਅਤੇ ਇਹ ਕਿਸ ਨੇ ਕੀਤਾ ਸੀ। ਪੰਜਾਬ ਪੁਲਿਸ ਨੂੰ ਮੇਰੀ ਅਪੀਲ ਹੈ ਕਿ ਇਸ ਮਾਮਲੇ ਨੂੰ ਦੇਖਿਆ ਜਾਵੇ। ਘੱਟੋ ਘੱਟ ਅਸੀਂ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਹਨਾਂ ਨਾਲ ਅਜਿਹਾ ਵਰਤਾਅ ਕਿਸ ਨੇ ਕੀਤਾ। ਉਹਨਾਂ ਅਰੋਪੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ’।
Suresh Raina
ਜ਼ਿਕਰਯੋਗ ਹੈ ਕਿ 19 ਅਗਸਤ ਦੀ ਰਾਤ ਨੂੰ ਪੇਸ਼ੇ ਵਜੋਂ ਠੇਕੇਦਾਰ ਅਸ਼ੋਕ ਕੁਮਾਰ ਦਾ ਪੂਰਾ ਪਰਿਵਾਰ ਛੱਤ 'ਤੇ ਸੁੱਤਾ ਹੋਇਆ ਸੀ। ਲੁਟੇਰੇ ਮਕਾਨ ਅੰਦਰ ਵੜੇ ਤੇ ਛੱਤ 'ਤੇ ਸੁੱਤੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਗਹਿਰੀ ਨੀਂਦ ਤੇ ਅਚਾਨਕ ਹਮਲੇ ਨਾਲ ਪਰਿਵਾਰਕ ਮੈਂਬਰ ਆਪਣੇ ਆਪ ਦਾ ਬਚਾਅ ਵੀ ਨਹੀਂ ਕਰ ਸਕੇ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਹਮਲੇ ਕੀਤੇ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।