
ਕਿਹਾ, ਭਾਰਤ ਨੂੰ ਉਸ ਨੂੰ ਕੈਂਸਰ ਹੋਣ ਦੇ ਬਾਵਜੂਦ ਖੇਡਣ ਅਤੇ ਦੇਸ਼ ਲਈ ਵਿਸ਼ਵ ਕੱਪ ਜਿੱਤਣ ਲਈ ਯੁਵਰਾਜ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦੈ
ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਇਕ ਵਾਰ ਫਿਰ 2011 ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ’ਤੇ ਨਿਸ਼ਾਨਾ ਲਾਇਆ ਹੈ। ਯੋਗਰਾਜ ਅਕਸਰ ਜਨਤਕ ਮੰਚਾਂ ’ਤੇ ਧੋਨੀ ਬਾਰੇ ਨਕਾਰਾਤਮਕ ਗੱਲਾਂ ਕਰਦੇ ਰਹੇ ਹਨ ਅਤੇ ਉਨ੍ਹਾਂ ’ਤੇ ਯੁਵਰਾਜ ਦੇ ਕਰੀਅਰ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦੇ ਹਨ। ਹਾਲਾਂਕਿ, ਯੁਵਰਾਜ ਨੇ ਅਜਿਹੇ ਦਾਅਵੇ ਕਦੇ ਨਹੀਂ ਕੀਤੇ ਅਤੇ ਹਮੇਸ਼ਾ ਅਪਣੇ ਸਾਬਕਾ ਕਪਤਾਨ ਅਤੇ ਟੀਮ ਦੇ ਸਾਥੀ ਬਾਰੇ ਸਕਾਰਾਤਮਕ ਗੱਲਾਂ ਕਹੀਆਂ ਹਨ।
ਧੋਨੀ ਦੀ ਕਪਤਾਨੀ ’ਚ ਯੁਵਰਾਜ ਨੇ ਭਾਰਤ ਨੂੰ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜਿੱਤਣ ’ਚ ਅਹਿਮ ਭੂਮਿਕਾ ਨਿਭਾਈ ਸੀ। ਖੱਬੇ ਹੱਥ ਦੇ ਆਲਰਾਊਂਡਰ ਨੇ ਕੌਮਾਂਤਰੀ ਕ੍ਰਿਕਟ ਵਿਚ ਅਪਣਾ ਬਿਹਤਰੀਨ ਯੋਗਦਾਨ ਦਿਤਾ ਜਦੋਂ ਧੋਨੀ ਟੀਮ ਦੇ ਕਪਤਾਨ ਸਨ। ‘ਜ਼ੀ ਸਵਿਚ ਯੂਟਿਊਬ ਚੈਨਲ’ ਨੂੰ ਦਿਤੇ ਇੰਟਰਵਿਊ ਵਿਚ ਯੋਗਰਾਜ ਨੇ ਇਕ ਵਾਰ ਫਿਰ ਧੋਨੀ ਨੂੰ ਯੁਵਰਾਜ ਦੇ ਕਰੀਅਰ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਹ ਇਸ ਲਈ ਉਸ ਨੂੰ ਕਦੇ ਮੁਆਫ ਨਹੀਂ ਕਰੇਗਾ।
ਉਨ੍ਹਾਂ ਕਿਹਾ, ‘‘ਮੈਂ ਮਹਿੰਦਰ ਸਿੰਘ ਧੋਨੀ ਨੂੰ ਮਾਫ਼ ਨਹੀਂ ਕਰਾਂਗਾ। ਉਸ ਨੂੰ ਸ਼ੀਸ਼ੇ ’ਚ ਅਪਣਾ ਚਿਹਰਾ ਵੇਖਣਾ ਚਾਹੀਦਾ ਹੈ। ਉਹ ਬਹੁਤ ਵੱਡਾ ਕ੍ਰਿਕਟਰ ਹੈ, ਪਰ ਉਸ ਨੇ ਮੇਰੇ ਬੇਟੇ ਦੇ ਵਿਰੁਧ ਜੋ ਕੀਤਾ ਹੈ, ਉਹ ਹੁਣ ਸਾਹਮਣੇ ਆ ਰਿਹਾ ਹੈ। ਇਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਮੈਂ ਜ਼ਿੰਦਗੀ ’ਚ ਕਦੇ ਵੀ ਦੋ ਚੀਜ਼ਾਂ ਨਹੀਂ ਕੀਤੀਆਂ- ਪਹਿਲਾ, ਮੈਂ ਕਦੇ ਵੀ ਕਿਸੇ ਨੂੰ ਮਾਫ਼ ਨਹੀਂ ਕੀਤਾ ਜਿਸ ਨੇ ਮੇਰੇ ਲਈ ਗਲਤ ਕੀਤਾ ਹੈ ਅਤੇ ਦੂਜਾ, ਮੈਂ ਅਪਣੀ ਜ਼ਿੰਦਗੀ ’ਚ ਕਦੇ ਵੀ ਉਨ੍ਹਾਂ ਨੂੰ ਗਲੇ ਨਹੀਂ ਲਗਾਇਆ, ਚਾਹੇ ਉਹ ਮੇਰੇ ਪਰਵਾਰਕ ਮੈਂਬਰ ਹੋਣ ਜਾਂ ਮੇਰੇ ਬੱਚੇ।’’
ਯੋਗਰਾਜ ਨੇ ਅੱਗੇ ਕਿਹਾ ਕਿ ਯੁਵਰਾਜ ਆਸਾਨੀ ਨਾਲ 4-5 ਸਾਲ ਹੋਰ ਖੇਡ ਸਕਦਾ ਸੀ ਅਤੇ ਉਨ੍ਹਾਂ ਨੇ ਯੁਵਰਾਜ ਦੀ ਜਲਦੀ ਰਿਟਾਇਰਮੈਂਟ ਲਈ ਧੋਨੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, ‘‘ਉਸ ਵਿਅਕਤੀ (ਐਮ.ਐਸ. ਧੋਨੀ) ਨੇ ਮੇਰੇ ਬੇਟੇ ਦੀ ਜ਼ਿੰਦਗੀ ਤਬਾਹ ਕਰ ਦਿਤੀ, ਜੋ ਚਾਰ ਤੋਂ ਪੰਜ ਸਾਲ ਹੋਰ ਖੇਡ ਸਕਦਾ ਸੀ। ਹਰ ਕੋਈ ਯੁਵਰਾਜ ਵਰਗੇ ਬੇਟੇ ਨੂੰ ਜਨਮ ਨਹੀਂ ਦੇ ਸਕਦਾ। ਇਥੋਂ ਤਕ ਕਿ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਵੀ ਪਹਿਲਾਂ ਕਹਿ ਚੁਕੇ ਹਨ ਕਿ ਯੁਵਰਾਜ ਸਿੰਘ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਭਾਰਤ ਨੂੰ ਉਸ ਨੂੰ ਕੈਂਸਰ ਹੋਣ ਦੇ ਬਾਵਜੂਦ ਖੇਡਣ ਅਤੇ ਦੇਸ਼ ਲਈ ਵਿਸ਼ਵ ਕੱਪ ਜਿੱਤਣ ਲਈ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।’’
ਯੁਵਰਾਜ ਨੇ 2000 ਤੋਂ 2017 ਤਕ 402 ਕੌਮਾਂਤਰੀ ਮੈਚਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 11,178 ਦੌੜਾਂ ਬਣਾਈਆਂ। ਉਨ੍ਹਾਂ ਨੇ ਸਾਰੇ ਫਾਰਮੈਟਾਂ ’ਚ 17 ਸੈਂਕੜੇ ਅਤੇ 71 ਅਰਧ ਸੈਂਕੜੇ ਲਗਾਏ ਅਤੇ ਅਪਣੇ ਕੈਰੀਅਰ ਦਾ ਅੰਤ ਭਾਰਤ ਦੇ ਸਰਵਕਾਲੀਨ ਮਹਾਨ ਖਿਡਾਰੀਆਂ ’ਚੋਂ ਇਕ ਵਜੋਂ ਕੀਤਾ। ਉਹ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2002 (ਸ਼੍ਰੀਲੰਕਾ ਨਾਲ ਸੰਯੁਕਤ ਜੇਤੂ), ਆਈ.ਸੀ.ਸੀ. ਟੀ-20 ਵਿਸ਼ਵ ਕੱਪ 2007 ਅਤੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2011 ਜਿੱਤਣ ਵਾਲੀਆਂ ਭਾਰਤੀ ਟੀਮਾਂ ਦਾ ਹਿੱਸਾ ਸਨ।
ਉਨ੍ਹਾਂ ਨੇ ਆਖਰੀ ਵਾਰ ਜੂਨ 2017 ’ਚ ਵੈਸਟਇੰਡੀਜ਼ ਵਿਰੁਧ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ ਜੂਨ 2019 ’ਚ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।