
ਜੈਸਮੀਨ ਲੰਬੋਰੀਆ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰਨ ਵਾਲੀ ਛੇਵੀਂ ਭਾਰਤੀ ਮੁੱਕੇਬਾਜ਼
Paris Olympic 2024 : ਓਲੰਪਿਕ 2024 ਦਾ ਆਯੋਜਨ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 26 ਜੁਲਾਈ ਤੋਂ 11 ਅਗਸਤ ਤੱਕ ਹੋਵੇਗਾ। ਭਾਰਤ ਦੀ ਨਜ਼ਰ ਇਸ ਵਾਰ ਵੱਧ ਤੋਂ ਵੱਧ ਮੈਡਲ ਜਿੱਤਣ 'ਤੇ ਹੈ। ਇਸ ਈਵੈਂਟ ਲਈ ਕੁੱਲ 6 ਭਾਰਤੀ ਮੁੱਕੇਬਾਜ਼ਾਂ ਨੇ ਆਪਣੀ ਜਗ੍ਹਾ ਪੱਕੀ ਕੀਤੀ ਹੈ। ਰਾਸ਼ਟਰੀ ਮਹਿਲਾ ਚੈਂਪੀਅਨ ਜੈਸਮੀਨ ਲੰਬੋਰੀਆ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰਨ ਵਾਲੀ ਛੇਵੀਂ ਭਾਰਤੀ ਮੁੱਕੇਬਾਜ਼ ਹੈ। ਇਸ ਤੋਂ ਪਹਿਲਾਂ ਅਮਿਤ ਪੰਘਾਲ ਨੇ ਵੀ ਓਲੰਪਿਕ ਕੋਟਾ ਹਾਸਲ ਕੀਤਾ ਸੀ।
ਜੈਸਮੀਨ ਲੰਬੋਰੀਆ ਦੀ ਇੱਕ ਤਰਫਾ ਜਿੱਤ
ਰਾਸ਼ਟਰੀ ਮਹਿਲਾ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿਲੋ) ਨੇ ਦੂਜੇ ਵਿਸ਼ਵ ਕੁਆਲੀਫਿਕੇਸ਼ਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਪਣੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ। ਜੈਸਮੀਨ ਨੇ ਆਪਣੇ 60 ਕਿਲੋ ਵਰਗ ਨੂੰ ਛੱਡ ਕੇ ਮਹਿਲਾਵਾਂ ਦੇ 57 ਕਿਲੋ ਵਰਗ ਵਿੱਚ ਕੋਟਾ ਹਾਸਲ ਕਰਕੇ ਚੁਣੌਤੀ ਪੇਸ਼ ਕੀਤੀ ਅਤੇ ਦੇਸ਼ ਨੂੰ ਇਸ ਵਰਗ ਦਾ ਕੋਟਾ ਦਿਲਵਾਇਆ।
ਜੈਸਮੀਨ ਨੇ ਇਕਤਰਫਾ ਕੁਆਰਟਰ ਫਾਈਨਲ ਵਿਚ ਮਾਲੀ ਦੀ ਮੈਰਿਨ ਕਾਮਰਾ ਨੂੰ ਆਸਾਨੀ ਨਾਲ 5-0 ਨਾਲ ਹਰਾਇਆ। ਪੰਘਾਲ ਅਤੇ ਜੈਸਮੀਨ ਇਸ ਤਰ੍ਹਾਂ ਓਲੰਪਿਕ ਜਾਣ ਵਾਲੇ ਮੁੱਕੇਬਾਜ਼ ਨਿਸ਼ਾਂਤ ਦੇਵ (71 ਕਿਲੋ), ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਦੀ ਚੌਂਕੜੀ ਦੇ ਨਾਲ ਸ਼ਾਮਲ ਹੋ ਗਏ ਹਨ।
ਅਮਿਤ ਪੰਘਾਲ ਦੀ ਧਮਾਕੇਦਾਰ ਵਾਪਸੀ
ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (51 ਕਿਲੋ) ਨੇ ਸਖ਼ਤ ਮੁਕਾਬਲੇ ਵਿੱਚ ਵਾਪਸੀ ਕਰਦੇ ਹੋਏ ਚੀਨ ਦੇ ਚੁਆਂਗ ਲਿਊ ਨੂੰ 5-0 ਨਾਲ ਹਰਾ ਕੇ ਵਾਪਸੀ ਕਰਦੇ ਹੋਏ ਦੂਜੀ ਵਾਰ ਓਲੰਪਿਕ ਲਈ ਟਿਕਟ ਕਟਾ ਲਈ। ਪੰਘਾਲ ਨੂੰ ਪੈਰਿਸ ਓਲੰਪਿਕ ਵਿੱਚ ਥਾਂ ਬਣਾਉਣ ਦਾ ਇਹ ਇੱਕੋ-ਇੱਕ ਮੌਕਾ ਸੀ ਅਤੇ 2018 ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਨੇ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਇਆ।
ਪੰਘਾਲ ਨੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀ ਮੁਲਾਂਕਣ ਪ੍ਰਣਾਲੀ ਦੇ ਕਾਰਨ ਰਾਸ਼ਟਰੀ ਟੀਮ ਵਿੱਚ ਆਪਣੀ ਜਗ੍ਹਾ ਗੁਆ ਦਿੱਤੀ ਸੀ। ਉਨ੍ਹਾਂ ਦੇ ਸਥਾਨ 'ਤੇ ਪਿਛਲੇ ਦੋ ਕੁਆਲੀਫਾਇੰਗ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਦੀਪਕ ਭੋਰੀਆ ਨੂੰ ਟੀਮ 'ਚ ਚੁਣਿਆ ਗਿਆ ਸੀ , ਜਿਨ੍ਹਾਂ ਨੇ ਪਿਛਲੇ ਦੋ ਕੁਆਲੀਫਾਇੰਗ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਪੰਘਾਲ ਨੇ ਟੋਕੀਓ ਓਲੰਪਿਕ ਤੋਂ ਜਿਸ ਵੱਡੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ ,ਉਹ 2022 ਦੀਆਂ ਰਾਸ਼ਟਰਮੰਡਲ ਖੇਡਾਂ ਸਨ ,ਜਿਸ ਵਿੱਚ ਉਸਨੇ ਸੋਨ ਤਗਮਾ ਜਿੱਤਿਆ ਸੀ।