ਭਾਰਤ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ
World Cup 2023: ਮੁੰਬਈ - ਭਾਰਤ ਅਤੇ ਸ੍ਰਲੰਕਾ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਵਿਸ਼ਵ ਕੱਪ ਮੁਕਾਬਲਾ ਖੇਡਿਆ ਗਿਆ। ਇਸ ਮੈਚ ਨੂੰ ਭਾਰਤ ਨੇ ਜਿੱਤ ਕੇ ਇਕ ਵੱਡਾ ਇਤਿਹਾਸ ਰਚ ਦਿਤਾ। ਭਾਰਤ ਨੇ ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਇਤਿਹਾਸ ਦੀ ਸੱਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ 2007 ਵਿਚ ਬਰਮੁਡਾ ਨੂੰ 259 ਦੌੜਾਂ ਨਾਲ ਹਰਾਇਆ ਸੀ।
ਇਸ ਦੇ ਨਾਲ ਹੀ ਮੁਹੰਮਦ ਸ਼ੰਮੀ ਭਾਰਤ ਵਲੋਂ ਵਿਸ਼ਵ ਕੱਪ ਦੌਰਾਨ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਬਣ ਗਏ ਹਨ। ਉਸ ਨੇ ਹਰਭਜਨ ਸਿੰਘ ਦਾ ਉਹ ਰਿਕਾਰਡ ਵੀ ਤੋੜ ਦਿਤਾ ਜਿਸ ਵਿਚ ਹਰਭਜਨ ਨੇ ਤਿੰਨ ਵਾਰ 5-5 ਵਿਕਟਾਂ ਲਈਆਂ ਸਨ ਪਰ ਅੱਜ ਸ਼ੰਮੀ ਨੇ 5 ਵਿਕਟਾਂ ਲੈ ਕੇ ਨਾ ਸਿਰਫ਼ ਸ੍ਰੀਲੰਕਾ ਦੀ ਟੀ ਦਾ ਲੱਕ ਤੋੜਿਆ ਬਲਕਿ ਹਰਭਜਨ ਸਿੰਘ ਦਾ ਰਿਕਾਰਡ ਵੀ ਤੋੜ ਦਿਤਾ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ, ਜਿਸ ਦੌਰਾਨ ਭਾਰਤ ਨੇ ਪਹਿਲੇ ਹੀ ਓਵਰ ’ਚ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀਆਂ 88, ਸ਼ੁਭਮਨ ਗਿੱਲ ਦੀਆਂ 92 ਅਤੇ ਸ਼੍ਰੇਅਸ ਅਈਅਰ ਦੀਆਂ 82 ਦੌੜਾਂ ਵਾਲੀਆਂ ਉਪਯੋਗੀ ਪਾਰੀਆਂ ਦੇ ਬਦੌਲਤ ਸ੍ਰੀਲੰਕਾ ਦੀ ਟੀਮ ਅੱਗੇ ਜਿੱਤ ਲਈ 358 ਦੌੜਾਂ ਦਾ ਵਿਸ਼ਾਲ ਟੀਚਾ ਰਖਿਆ ਹੈ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਵੱਡੇ ਟੀਚੇ ਦਾ ਦਬਾਅ ਮੰਨ ਗਈ ਤੇ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ। ਸ੍ਰੀਲੰਕਾਈ ਪਾਰੀ ਦੀ ਪਹਿਲੀ ਗੇਂਦ ’ਤੇ ਹੀ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਓਪਨਰ ਪਥੁਨ ਨਿਸਾਂਕਾ ਨੂੰ ਐਲ.ਬੀ.ਡਬਲਿਊ. ਆਊਟ ਕਰ ਦਿਤਾ। ਇਸ ਤੋਂ ਬਾਅਦ ਅਗਲੇ ਓਵਰ ’ਚ ਮੁਹੰਮਦ ਸਿਰਾਜ ਨੇ ਵੀ ਪਹਿਲੀ ਹੀ ਗੇਂਦ ’ਤੇ ਬੱਲੇਬਾਜ਼ ਦਿਮੁਥ ਕਰੁਣਾਰਤਨੇ ਨੂੰ ਆਉਟ ਕਰ ਦਿਤਾ। ਇਸੇ ਓਵਰ ਦੀ 5ਵੀਂ ਗੇਂਦ ’ਤੇ ਉਸ ਨੇ ਸਦੀਰਾ ਸਮਰਵਿਕਰਮਾ ਨੂੰ ਅਈਅਰ ਹੱਥੋਂ ਸਲਿਪ ’ਚ ਕੈਚ ਕਰਵਾਇਆ।
ਸ੍ਰੀਲੰਕਾ ਦੇ ਕਪਤਾਨ ਕੁਸਲ ਮੈਂਡਿਸ ਵੀ ਸਿਰਾਜ ਦਾ ਹੀ ਸ਼ਿਕਾਰ ਬਣੇ। ਉਹ 1 ਸਕੋਰ ਬਣਾ ਕੇ ਸਿਰਾਜ ਦੀ ਗੇਂਦ ’ਤੇ ਬੋਲਡ ਹੋ ਗਏ। ਸ਼ੰਮੀ ਨੇ ਵੀ ਵਹਿੰਦੀ ਗੰਗਾ ’ਚ ਹੱਥ ਧੋਂਦਿਆਂ 5 ਓਵਰਾਂ ’ਚ 15 ਦੌੜਾਂ ਦੇ ਕੇ ਸ੍ਰੀਲੰਕਾ ਦੇ 5 ਬੱਲੇਬਾਜ਼ਾਂ ਨੂੰ ਆਉਟ ਕੀਤਾ। ਇਸ ਤੋਂ ਬਾਅਦ ਆਏ ਰਵਿੰਦਰ ਜਡੇਜਾ ਨੇ ਸ੍ਰੀਲੰਕਾਈ ਖਿਡਾਰੀ ਮਧੁਸ਼ੰਕਾ ਨੂੰ ਆਉਟ ਕਰ ਕੇ ਭਾਰਤੀ ਟੀਮ ਨੂੰ ਜਿੱਤ ਦਿਵਾ ਦਿਤੀ। ਇਸ ਤਰ੍ਹਾਂ ਪੂਰੀ ਟੀਮ 19.4 ਓਵਰਾਂ ’ਚ ਮਹਿਜ਼ 55 ਦੌੜਾਂ ਬਣਾ ਕੇ ਚਲਦੀ ਬਣੀ ਤੇ ਭਾਰਤ ਨੇ ਪੂਰੀ ਸ਼ਾਨ ਨਾਲ ਸੈਮੀਫ਼ਾਈਨਲ ’ਚ ਪ੍ਰਵੇਸ਼ ਕਰ ਲਿਆ। ਇਸ ਪ੍ਰਕਾਰ ਭਾਰਤੀ ਟੀਮ ਸੈਮੀਫ਼ਾਈਨਲ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ।
ਮੁਹੰਮਦ ਸ਼ੰਮੀ ਦਾ ਰਿਕਾਰਡ
ਮੁਹੰਮਦ ਸ਼ੰਮੀ ਨੇ ਵਨਡੇ 'ਚ ਇਤਿਹਾਸ ਰਚ ਦਿੱਤਾ ਹੈ। ਸ਼ੰਮੀ ਆਪਣੇ ਵਨਡੇ ਕਰੀਅਰ ਵਿਚ 4 ਵਾਰ 5 ਵਿਕਟਾਂ ਲੈਣ ਵਾਲੇ ਖਿਡਾਰੀ ਬਣ ਗਏ ਹਨ। ਭਾਰਤ ਵੱਲੋਂ ਮੁਹੰਮਦ ਸ਼ੰਮੀ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਜ਼ਹੀਰ ਖਾਨ ਅਤੇ ਹਰਭਜਨ ਸਿੰਘ 3-3 ਵਾਰ ਇਹ ਕਾਰਨਾਮਾ ਕਰ ਚੁੱਕੇ ਹਨ।