
ਭਾਰਤ ਨੇ ਵਿਸ਼ਵ ਕੱਪ ’ਚ ਅਜੇ ਤਕ ਤਿੰਨ ਤਮਗ਼ੇ ਜਿੱਤੇ ਹਨ।
ਨਵੀਂ ਦਿੱਲੀ : ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕੋਲ ਦੋ ਉਲੰਪਿਕ ਕਾਂਸੀ ਤਮਗ਼ੇ ਹਨ ਪਰ ਉਸ ਨੂੰ ਵਿਸ਼ਵ ਕੱਪ ਵਿਚ ਤਮਗ਼ਾ ਨਾ ਜਿੱਤ ਸਕਣ ਦਾ ਅਫ਼ਸੋਸ ਹੈ ਤੇ ਉਹ ਇਸ ਕਮੀ ਨੂੰ 2026 ਵਿਚ ਹੋਣ ਵਾਲੇ ਟੂਰਨਾਮੈਂਟ ’ਚ ਪੂਰਾ ਕਰਨਾ ਚਾਹੁੰਦਾ ਹੈ। ਭਾਰਤ ਨੇ ਵਿਸ਼ਵ ਕੱਪ ’ਚ ਅਜੇ ਤਕ ਤਿੰਨ ਤਮਗ਼ੇ ਜਿੱਤੇ ਹਨ।
ਭਾਰਤ ਨੇ 1971 (ਬਾਰਸੀਲੋਨਾ) ਵਿਚ ਕਾਂਸੀ, 1973 ’ਚ ਚਾਂਦੀ (ਐਮਸਟੇਲਵੀਨ, ਨੀਦਰਲੈਂਡ) ਤੇ ਅਜੀਤ ਪਾਲ ਦੀ ਅਗਵਾਈ ’ਚ 1975 (ਕੁਅਲਾਲੰਪੁਰ) ’ਚ ਸੋਨ ਤਮਗ਼ਾ ਜਿਤਿਆ ਸੀ। ਹਰਮਨਪ੍ਰੀਤ ਟੋਕੀਉ ਤੇ ਪੈਰਿਸ ਉਲੰਪਿਕ ਵਿਚ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸੀ। ਪੈਰਿਸ ਖੇਡਾਂ ਵਿਚ ਉਹ ਟੀਮ ਦਾ ਕਪਤਾਨ ਵੀ ਸੀ। ਉਹ 2016 ਵਿਚ ਲਖਨਊ ਵਿਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਸੀ। ਹਰਮਨਪ੍ਰੀਤ ਨੇ ਕਿਹਾ,‘‘ਸਾਡਾ ਟੀਚਾ ਹਮੇਸ਼ਾ ਉਲੰਪਿਕ ਵਿਚ ਸੋਨ ਤਮਗ਼ਾ ਤੇ ਵਿਸ਼ਵ ਕੱਪ ’ਚ ਤਮਗਾ ਜਿੱਤਣਾ ਹੋਵੇਗਾ।
ਅਸੀਂ ਪੈਰਿਸ ਵਿਚ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕੀਤਾ, ਉਸ ਤੋਂ ਪਤਾ ਲਗਦਾ ਹੈ ਕਿ ਅਸੀਂ ਕਿਸੇ ਵੀ ਚੋਟੀ ਦੀ ਟੀਮ ਦਾ ਸਾਹਮਣਾ ਕਰ ਕੇ ਜਿੱਤ ਸਕਦੇ ਹਾਂ।’’ ਉਸ ਨੇ ਕਿਹਾ,‘‘ਸਾਡਾ ਫ਼ਿਲਹਾਲ ਟੀਚਾ ਐਫ਼. ਆਈ. ਐੱਚ. ਪ੍ਰੋ ਲੀਗ ਦੇ ਮੈਚ ਹਨ। ਅਸੀਂ ਏਸ਼ੀਆਈ ਕੱਪ ਵਿਚ ਜਿੱਤ ਦਰਜ ਕਰਦੇ ਹੋਏ ਵਿਸ਼ਵ ਕੱਪ ਲਈ ਸਿੱਧੇ ਕੁਆਲੀਫ਼ਾਈ ਕਰਨਾ ਚਾਹੁੰਦੇ ਹਾਂ।’’ ਹਰਮਨਪ੍ਰੀਤ ਨੇ ਕਿਹਾ,‘‘ਉਮੀਦ ਹੈ ਕਿ ਅਸੀਂ ਅਪਣੇ ਕਰੀਅਰ ਦੌਰਾਨ ਉਨ੍ਹਾਂ ਸੁਨਹਿਰੇ ਦਿਨਾਂ ਨੂੰ ਫਿਰ ਤੋਂ ਜੀਅ ਸਕਾਂਗੇ। ਜਦੋਂ ਤਕ ਅਸੀਂ ਇਸ ਨੂੰ ਹਾਸਲ ਨਹੀਂ ਕਰ ਲੈਂਦੇ, ਅਸੀਂ ਹਾਰ ਨਹੀਂ ਮੰਨਾਂਗੇ।’’ (ਏਜੰਸੀ)